30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬ੍ਰਿਸਬੇਨ 'ਚ ਪੰਜਾਬੀ ਮਾਂ ਬੋਲੀ ਦਿਵਸ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 08-03-2026
ਬ੍ਰਿਸਬੇਨ, 7 ਮਾਰਚ (ਮਹਿੰਦਰ ਪਾਲ ਸਿੰਘ ਕਾਹਲੋਂ)- 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਵੱਲੋਂ ਅੰਤਰਰਾਸ਼ਟਰੀ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਦਿਵਸ ਦੇ ਮੌਕੇ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਪੰਜਾਬੀ ਮਾਂ ਬੋਲੀ ਤੇ ਹਰ ਕੌਮ ਦੀ ਮਾਂ ਬੋਲੀ ਦੇ ਮਹੱਤਵ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ 'ਚ ਪ੍ਰਸਿੱਧ ਪੰਜਾਬੀ ਕਵੀ ਬਿਸ਼ਨ ਦਾਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕਵੀ ਹਰਮਨਦੀਪ ਵੱਲੋਂ ਆਪਣੀ ਕਵਿਤਾ 'ਦੁਨੀਆ' ਪੇਸ਼ ਕਰਨ ਨਾਲ ਹੋਈ, ਜੋ ਦੁਨੀਆ 'ਚ ਬੱਚਿਆਂ ਉੱਤੇ ਹੋ ਰਹੇ ਕਤਲੇਆਮ ਤੇ ਉਸ ਉੱਤੇ ਚੁੱਪ ਧਾਰ ਬੈਠੀ ਮਨੁੱਖੀ ਮਾਨਸਿਕਤਾ ਨੂੰ ਦਰਸਾਉਂਦੀ ਸੀ। ਇਸ ਮੌਕੇ ਵਰਿੰਦਰ ਅਲੀਸ਼ੇਰ ਨੇ ਮਾਂ ਬੋਲੀ ਦੇ ਮਹੱਤਵ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਫਾਰਸੀ ਭਾਸ਼ਾ ਦੇ ਇਤਿਹਾਸ, ਇਰਾਨੀ ਭਾਸ਼ਾਈ ਪਰੰਪਰਾ ਅਤੇ ਫਾਰਸੀ ਤੋਂ ਪੰਜਾਬੀ ਵਿਚ ਆਏ ਸ਼ਬਦਾਂ ਦੇ ਪਿਛੋਕੜ ਬਾਰੇ ਵੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਮਸ਼ਹੂਰ ਗੀਤਕਾਰ ਅਤੇ ਵਾਰਤਕ ਲੇਖਕ ਨਿਰਮਲ ਦਿਓਲ ਨੇ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਤੇ ਮਾਂ ਦੇ ਪਹਿਲੇ ਸ਼ਬਦਾਂ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਆਪਣੀ ਭਾਵਪੂਰਕ ਰਚਨਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਨੌਜਵਾਨ ਆਗੂ ਤਾਜ ਰੱਤੂ ਨੇ ਆਪਣੀ ਮਿੱਠੜੀ ਆਵਾਜ਼ ਵਿੱਚ 'ਮੈਂ ਪੰਜਾਬੀ ਬੋਲੀ ਹਾਂ, ਕਿਤੇ ਭੁੱਲ ਨਾ ਜਾਵੀਂ ਜਵਾਨਾ' ਰਚਨਾ ਤਰੰਨੁਮ ਵਿੱਚ ਪੇਸ਼ ਕੀਤੀ। ਗਲੋਬਲ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਡਾਇਰੈਕਟਰ ਬਲਵਿੰਦਰ ਮੋਰੋਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਇਸਦੇ ਭਵਿੱਖ ਬਾਰੇ ਗੱਲ ਕਰਦਿਆਂ ਪੰਜਾਬੀ ਭਾਸ਼ਾ ਦੇ ਖਾਤਮੇ ਵਾਲੇ ਪ੍ਰਚਾਰ ਨੂੰ ਨਕਾਰਿਆ। ਉਹਨਾਂ ਕਿਹਾ ਕਿ ਪੰਜਾਬੀ ਦੇ ਉੱਚ ਅਦਾਰਿਆਂ ਨੂੰ ਪੰਜਾਬੀ ਨੂੰ ਕਾਰਜਕਾਲ ਦੀ ਭਾਸ਼ਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਨੌਜਵਾਨ ਗਾਇਕ ਸਭਾ ਦੇ ਸਕੱਤਰ ਪਰਮਿੰਦਰ ਨੇ ਵੀ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਆਪਣੀਆਂ ਰਚਨਾਵਾਂ ਅਤੇ ਗੀਤ ਪੇਸ਼ ਕੀਤੇ। ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਪ੍ਰਸਿੱਧ ਗਜ਼ਲਗੋ ਜਸਵੰਤ ਵਾਗਲਾ ਨੇ ਆਪਣੀਆਂ ਗਜ਼ਲਾਂ ਨਾਲ ਸਰੋਤਿਆਂ ਨੂੰ ਮੋਹ ਲਿਆ। ਵਿਸ਼ੇਸ਼ ਮਹਿਮਾਨ ਕਵੀ ਬਿਸ਼ਨ ਦਾਸ ਨੇ ਆਪਣੇ ਸੰਬੋਧਨ ਦੌਰਾਨ ਪ੍ਰਸਿੱਧ ਗਜ਼ਲਗੋ ਦੀਪਕ ਜੈਤੋਈ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਜਦੋਂ ਤੱਕ ਗਜ਼ਲ ਕੋਲ ਜਸਵੰਤ ਵਾਗਲਾ ਵਰਗੇ ਵਾਰਿਸ ਹਨ, ਤਦ ਤੱਕ ਗਜ਼ਲ ਦੀ ਪਰੰਪਰਾ ਜਾਰੀ ਰਹੇਗੀ। ਉਹਨਾਂ ਸਭਾ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਇੰਡੋਜ ਟੀ.ਵੀ. ਦੇ ਐਂਕਰ ਦਲਜੀਤ ਸਿੰਘ ਨੇ ਪੰਜਾਬੀ ਭਾਸ਼ਾ ਦੀ ਵਿਸ਼ਾਲਤਾ ਅਤੇ ਇਸ ਉੱਤੇ ਸੱਤਾ ਦੇ ਪ੍ਰਭਾਵ ਬਾਰੇ ਆਪਣੇ ਵਿਚਾਰ ਰੱਖੇ। ਸਮਾਗਮ ਵਿੱਚ ਕਈ ਹੋਰ ਸਾਹਿਤ ਪ੍ਰੇਮੀ ਅਤੇ ਸਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੀ ਸਟੇਜ ਸਭਾ ਕਵੀ ਦਿਨੇਸ਼ ਸ਼ੇਖੂਪੁਰੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ਕਾਰੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਲਕਸ਼ਯ ਬੈਡਮਿੰਟਨ ਆਲ ਇੰਗਲੈਂਡ ਸੈਮੀਫਾਈਨਲ 'ਚ ਪੁੱਜਾ ਅਗਲੀ ਖ਼ਬਰ ਆਸਟ੍ਰੇਲੀਆ ਦੇ ਪਰਥ 'ਚ ਜਪਾਨ ਤੇ ਭਾਰਤ ਵਿਚਕਾਰ
Ad Position 24