ਲੰਡਨ, 6 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੀ ਸੱਭਿਆਚਾਰ, ਮੀਡੀਆ ਤੇ ਖੇਡ ਮੰਤਰੀ ਲੀਜ਼ਾ ਨੰਦੀ ਨੇ ਸੋਮਵਾਰ ਨੂੰ ਇੰਗਲੈਂਡ ਦੇ ਉਨ੍ਹਾਂ ਖੇਤਰਾਂ 'ਚ 8 'ਯੰਗ ਫਿਊਚਰਜ਼ ਹੱਬ' ਦਾ ਪਹਿਲਾ ਸੈੱਟ ਲਾਂਚ ਕੀਤਾ, ਜਿੱਥੇ ਸਮਾਜ ਵਿਰੋਧੀ ਵਿਵਹਾਰ ਤੇ ਚਾਕੂ ਅਪਰਾਧ ਉੱਚ ਪੱਧਰ 'ਤੇ ਹੁੰਦੇ ਹਨ | ਬਿ੍ਟਿਸ਼ ਭਾਰਤੀ ਮੰਤਰੀ ਨੇ ਕਿਹਾ ਕਿ 50 ਅਜਿਹੇ ਹੱਬਾਂ ਦੇ ਯੋਜਨਾਬੱਧ ਨੈੱਟਵਰਕ 'ਚੋਂ ਪਹਿਲਾ ਮਾਨਸਿਕ ਸਿਹਤ ਤੇ ਤੰਦਰੁਸਤੀ, ਰੁਜ਼ਗਾਰ ਤੇ ਅਪਰਾਧ ਰੋਕਥਾਮ ਲਈ ਸੇਵਾਵਾਂ ਪ੍ਰਦਾਨ ਕਰੇਗਾ | ਪੂਰਬੀ ਲੰਡਨ 'ਚ ਟਾਵਰ ਹੈਮਲੇਟਸ, ਬਰਮਿੰਘਮ, ਬ੍ਰਾਈਟਨ, ਬਿ੍ਸਟਲ, ਡਰਹਮ, ਲੀਡਜ਼, ਮਾਨਚੈਸਟਰ ਤੇ ਨੌਟਿੰਘਮ ਬਿ੍ਟਿਸ਼ ਸਰਕਾਰ ਦੀ ਰਾਸ਼ਟਰੀ ਨੌਜਵਾਨ ਰਣਨੀਤੀ ਦੇ ਹਿੱਸੇ ਵਜੋਂ ਪਹਿਲੇ ਹੱਬ ਪ੍ਰਾਪਤ ਕਰਨ ਵਾਲੇ ਖੇਤਰਾਂ ਵਿੱਚੋਂ ਇਕ ਹਨ | ਨੰਦੀ ਨੇ ਕਿਹਾ ਕਿ 2010 ਤੋਂ ਬਾਅਦ 1,000 ਤੋਂ ਵੱਧ ਯੁਵਾ ਕੇਂਦਰਾਂ ਦੇ ਬੰਦ ਹੋਣ ਨਾਲ ਸਿਰਫ਼ ਸਹੂਲਤਾਂ ਹੀ ਨਹੀਂ ਗਈਆਂ, ਸਗੋਂ ਇਸ ਨੇ ਇਕ ਪੀੜ੍ਹੀ ਲਈ ਸਮਾਜ, ਸੰਪਰਕ ਤੇ ਮੌਕੇ ਵੀ ਖੋਹ ਲਏ | ਅਸੀਂ ਇਸਨੂੰ ਦੁਬਾਰਾ ਬਣਾਉਣ ਲਈ ਦਿ੍ੜ ਹਾਂ | ਨੰਦੀ ਨੇ ਕਿਹਾ ਕਿ ਅਸੀਂ ਚੀਜ਼ਾਂ ਨੂੰ ਜੋੜ ਰਹੇ ਹਾਂ ਤਾਂ ਜੋ ਤੰਦਰੁਸਤੀ ਸਹਾਇਤਾ, ਅਪਰਾਧ ਰੋਕਥਾਮ, ਕੰਮ ਦੇ ਕੋਚ, ਯੁਵਾ ਸੇਵਾਵਾਂ, ਸਭ ਇਕ ਥਾਂ 'ਤੇ ਹੀ ਉਪਲਬਧ ਹੋ ਸਕਣ | ਦੇਸ਼ ਭਰ 'ਚ ਕੁੱਲ 50 ਕੇਂਦਰ ਖੋਲ੍ਹੇ ਜਾਣਗੇ, ਪਹਿਲੀ ਲੜੀ 'ਚ ਇਹ ਬ੍ਰਮਿੰਘਮ, ਬ੍ਰਾਈਟਨ ਤੇ ਹੋਵ, ਕਾਉਂਟੀ ਡਰਹਮ, ਮਾਨਚੇਸਟਰ ਅਤੇ ਟਾਵਰ ਹੈਮਲੇਟਸ ਹੋਣਗੇ | 10 ਤੋਂ 18 ਸਾਲ ਦੀ ਉਮਰ ਦੇ ਨੌਜਵਾਨ ਤੇ ਨਾਲ ਹੀ 25 ਸਾਲ ਦੀ ਉਮਰ ਤੱਕ ਲਈ ਵਿਸ਼ੇਸ਼ ਵਿਦਿਅਕ ਜ਼ਰੂਰਤਾਂ ਤੇ ਅਪਾਹਜਤਾਵਾਂ ਵਾਲੇ ਵੀ ਯੁਵਾ ਕੇਂਦਰਾਂ ਵਿੱਚ ਸੇਵਾਵਾਂ ਪ੍ਰਾਪਤ ਕਰ ਸਕਣਗੇ |