-ਮਾਨਸਿਕ ਤਣਾਅ ਨੂੰ ਘਟਾਉਣ ਲਈ ਕੀਤਾ ਉਪਰਾਲਾ
ਲੰਡਨ, 7 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਾਨਸਿਕ ਤਣਾਅ ਨੂੰ ਘਟਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਸਮਾਜ ਸੇਵੀ ਭੁਪਿੰਦਰ ਸਿੰਘ ਸੰਧੂ ਨੇ ਬੀਤੇ ਐਤਵਾਰ ਲੰਡਨ ਤੋਂ ਕੈਂਬਰਿਜ ਤੱਕ ਪੂਰੀ ਤਰ੍ਹਾਂ ਚੁੱਪ-ਚਾਪ ਤੁਰ ਕੇ ਨਵਾਂ ਇਤਿਹਾਸ ਰਚਿਆ ਹੈ | ਸੰਧੂ ਨੇ ਕਿਹਾ ਕਿ ਲੋਕਾਂ ਲਈ 'ਆਪਣੇ ਅੰਦਰਲੇ ਸ਼ੋਰ ਨਾਲ ਬੈਠਣਾ' ਵੀ ਮਹੱਤਵਪੂਰਨ ਹੈ | ਮਾਈਾਡਫੁੱਲਨੈੱਸ ਕੋਚ ਭੁਪਿੰਦਰ ਸੰਧੂ ਲੰਘੇ ਸ਼ਨਿੱਚਰਵਾਰ ਰਾਤੀਂ 20:00 ਲੰਡਨ ਦੇ ਪਾਰਲੀਮੈਂਟ ਸਕੁਏਅਰ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ ਤੇ ਮਾਨਸਿਕ ਸਿਹਤ 'ਤੇ ਮਾਨਸਿਕਤਾ ਦੇ ਸਕਾਰਾਤਮਕ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ 'ਕਿਸੇ ਵੀ ਕਿਸਮ ਦੇ ਸੰਗੀਤ ਜਾਂ ਈਅਰਫੋਨ ਜਾਂ ਕਿਸੇ ਵੀ ਚੀਜ਼' ਤੋਂ ਬਿਨਾਂ 15 ਘੰਟੇ ਤੁਰੇ | ਉਹਨਾਂ ਕਿਹਾ ਕਿ ਬਾਹਰੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ 'ਚ ਆਪਣੇ ਅੰਦਰ ਤੇ ਬਾਹਰ ਕੀ ਹੋ ਰਿਹਾ ਹੈ, ਪਲ-ਪਲ ਧਿਆਨ ਦੇਣ ਦੀ ਲੋੜ ਹੈ | ਸੰਧੂ ਨੇ ਦੱਸਿਆ ਕਿ ਹੈੱਡਫੋਨ ਤੋਂ ਬਿਨਾਂ ਤੁਰਨ ਨਾਲ ਉਸਨੂੰ 'ਆਪਣੇ ਨਾਲ' ਰਹਿਣ ਦੀ ਇਜਾਜ਼ਤ ਮਿਲੀ | ਉਹਨਾਂ ਕਿਹਾ ਕਿ ਤੁਸੀਂ ਇਕ ਅਜਿਹੇ ਜ਼ੋਨ 'ਚ ਆਉਂਦੇ ਹੋ ਜਿੱਥੇ ਕੁਝ ਵੀ ਨਹੀਂ ਹੁੰਦਾ | ਸਿਰਫ਼ ਤੁਸੀਂ, ਕੁਦਰਤ ਤੇ ਸੜਕ ਹੈ | ਉਹ ਚੀਜ਼ ਜੋ ਤੁਹਾਨੂੰ ਜਾਰੀ ਰੱਖਦੀ ਹੈ ਉਹ ਹੈ ਤੁਹਾਡੇ ਵਿਚਲੀ ਸ਼ਾਂਤੀ | ਦੱਸਣਯੋਗ ਹੈ ਕਿ ਗ੍ਰੈਵਜ਼ੈਂਡ ਵਾਸੀ ਸੰਧੂ ਪਹਿਲਾਂ ਲੰਡਨ ਤੋਂ ਈਡਨਬਰਗ, ਕਾਰਡਿਫ ਤੇ ਬ੍ਰਾਈਟਨ ਤੱਕ ਪੈਦਲ ਚੱਲ ਚੁੱਕੇ ਹਨ ਤੇ ਉਹ ਮਈ ਵਿਚ ਇਕ ਮਿਲੀਅਨ ਕਦਮ ਤੁਰਨ ਦੀ ਕੋਸ਼ਿਸ਼ ਕਰਨਗੇ |
ਭੁਪਿੰਦਰ ਸਿੰਘ ਸੰਧੂ ਨੇ ਦੁਨੀਆਂ ਤੋਂ ਬੇਖਬਰ ਰਹਿ ਕੇ ਕੀਤੀ ਪੈਦਲ ਯਾਤਰਾ
ਅਜੀਤ ਡੈਸਕ
08-04-2026