ਨਿਗਮ ਦੀ ਸੁਰੱਖਿਆ ਦਸਤੇ ਦੀ ਗੱਡੀ ਨੂੰ ਤੇਲ ਜਾਰੀ ਹੋਣ ਬਾਰੇ ਯੂਨੀਅਨ ਨੇ ਉਠਾਏ ਸਵਾਲ
ਅਜੀਤ ਡੈਸਕ
08-04-2026
ਜਲੰਧਰ, 7 ਅਪ੍ਰੈਲ (ਸ਼ਿਵ)-ਨਗਰ ਨਿਗਮ ਦੀ ਡਰਾਈਵਰ ਟੈਕਨੀਕਲ ਤੇ ਹੈਲਥ ਬਰਾਂਚ ਯੂਨੀਅਨ ਨੇ ਮੇਅਰ ਦੇ ਕਾਫ਼ਲੇ ਨਾਲ ਚੱਲਦੀ ਸੁਰੱਖਿਆ ਦਸਤੇ ਦੀ ਬਲੈਰੋ ਗੱਡੀ ਨੂੰ ਜਾਰੀ ਹੁੰਦੇ ਤੇਲ ਦੇ ਮਾਮਲੇ 'ਚ ਸਵਾਲ ਉਠਾਉਂਦੇ ਹੋਏ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਪ੍ਰਧਾਨ ਸ਼ੰਮੀ ਲੂਥਰ ਨੇ ਬਾਕੀ ਅਹੁਦੇਦਾਰਾਂ ਦੀ ਹਾਜ਼ਰੀ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਅਰ ਦੇ ਕਾਫੀ ਨਾਲ ਚੱਲਦੀ ਸੁਰੱਖਿਆ ਦਸਤੇ ਦੀ ਬਲੈਰੋ ਗੱਡੀ 'ਚ ਇਕ ਦਿਨ ਵਿਚ 83 ਲੀਟਰ ਤੇਲ ਗੱਡੀ 'ਚ ਪੁਆਇਆ ਗਿਆ ਹੈ | ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲੇ ਮੇਅਰ ਦੀ ਸੁਰੱਖਿਆ ਦਸਤਾ ਬਲੈਰੋ ਗੱਡੀ ਮੇਅਰ ਦੀ ਕਾਰ ਦੇ ਅੱਗੇ ਚੱਲਦੀ ਸੀ | ਸਰਕਾਰੀ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਸਵੇਰੇ ਗੱਡੀ 'ਚ 45 ਲੀਟਰ ਤੇਲ ਪਿਆ ਜਦੋਂ ਗੱਡੀ ਮੰਗਵਾਈ ਗਈ ਤਾਂ ਜਿਸ ਡਰਾਈਵਰ ਕੋਲ ਗੱਡੀ ਸੀ ਉਸ ਨੇ ਖ਼ਾਲੀ ਗੱਡੀ ਨਗਰ ਨਿਗਮ ਖੜ੍ਹੀ ਕਰ ਦਿੱਤੀ | ਮੇਅਰ ਵਨੀਤ ਧੀਰ ਦੇ ਸਟਾਫ਼ ਮੈਂਬਰਾਂ ਨੇ ਜਦੋਂ ਪਤਾ ਕੀਤਾ ਕਿ ਮੇਅਰ ਦੇ ਕਾਫ਼ਲੇ ਨਾਲ ਗੱਡੀ ਜਾਣੀ ਹੈ ਪਰ ਇਹ ਗੱਡੀ ਡਰਾਈਵਰ ਨੇ ਕਿਹਾ ਕਿ ਖ਼ਾਲੀ ਹੈ | ਪੈਟਰੋਲ ਪੰਪ 'ਤੇ ਪਰਚੀ ਦੇਣ ਵਾਲੇ ਨੇ ਦੱਸਿਆ ਕਿ ਸਵੇਰੇ ਡਰਾਈਵਰ ਵਲੋਂ 45 ਲੀਟਰ ਤੇਲ ਪੁਆਇਆ ਗਿਆ ਸੀ ਪਰ ਕੁੱਝ ਘੰਟਿਆਂ 'ਚ ਹੀ ਗੱਡੀ ਖ਼ਾਲੀ ਹੋ ਗਈ | ਉਸ ਨੂੰ ਖੜੇ੍ਹ ਕਰ ਦਿੱਤਾ ਗਿਆ | ਨਗਰ ਨਿਗਮ 'ਚ ਫਿਰ ਦੁਬਾਰਾ 38 ਲੀਟਰ ਤੇਲ ਗੱਡੀ ਵਿਚ ਪਾਇਆ ਗਿਆ | ਸ਼ੰਮੀ ਲੂਥਰ ਨੇ ਕਿਹਾ ਕਿ ਮੇਅਰ ਤੇ ਕਮਿਸ਼ਨਰ ਵਲੋਂ ਕੂੜੇ ਦੀ ਸਫ਼ਾਈ ਕਰਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੇ ਨਾਲ ਚੱਲਦੇ ਅਫ਼ਸਰਾਂ ਦੀਆਂ ਗੱਡੀਆਂ ਨੂੰ ਜਾਰੀ ਹੁੰਦੇ ਤੇਲ ਬਾਰੇ ਵੀ ਜਾਂਚ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਸਮੇਂ-ਸਮੇਂ 'ਤੇ ਚੈਕਿੰਗ ਹੁੰਦੀ ਹੈ ਪਰ ਅਫ਼ਸਰਾਂ ਦੀਆਂ ਗੱਡੀਆਂ ਦੀ ਚੈਕਿੰਗ ਨਹੀਂ ਹੁੰਦੀ | ਸ਼ੰਮੀ ਲੂਥਰ ਨੇ ਕਿਹਾ ਉਹ ਵੀਰਵਾਰ ਨੂੰ ਮੇਅਰ ਵਨੀਤ ਧੀਰ ਨਾਲ ਮਿਲ ਕੇ ਅਫ਼ਸਰਾਂ ਵਲੋਂ ਵਰਤੀਆਂ ਜਾਂਦੀਆਂ ਗੱਡੀਆਂ ਦੀ ਵੀ ਚੈਕਿੰਗ ਕਰਨ ਦੀ ਮੰਗ ਕਰਨਗੇ | ਇਸ ਮੌਕੇ ਕਈ ਆਗੂ ਮੌਜੂਦ ਸਨ |