ਗਾਖਲ ਪਰਿਵਾਰ ਵਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਮੌਕੇ ਪਾਕਿਸਤਾਨ ਤੇ ਭਾਰਤ ਦੇ ਗੁਰਦੁਆਰਿਆਂ 'ਚ ਸੰਗਤਾਂ ਦੀ ਸੇਵਾ
ਅਜੀਤ ਡੈਸਕ
16-04-2026
ਸਾਨ ਫਰਾਂਸਿਸਕੋ, 15 ਅਪ੍ਰੈਲ (ਐੱਸ. ਅਸ਼ੋਕ ਭੌਰਾ)-ਅਮਰੀਕਾ ਵਸਦੇ ਗਾਖਲ ਪਰਿਵਾਰ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਮੌਕੇ ਪਾਕਿਸਤਾਨ ਅਤੇ ਭਾਰਤ ਦੇ ਗੁਰੂਘਰਾਂ 'ਚ ਵਡਮੁੱਲੀ ਸੇਵਾ ਕੀਤੀ ਗਈ ਹੈ | ਅਮੋਲਕ ਸਿੰਘ ਗਾਖਲ ਚੇਅਰਮੈਨ ਗਾਖਲ ਗਰੁੱਪ ਨੇ ਦੱਸਿਆ ਕਿ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਸਮੇਤ ਸਾਰੇ ਗੁਰੂਘਰਾਂ 'ਚ ਗਾਖਲ ਪਰਿਵਾਰ ਅਤੇ ਗਾਖਲ ਗਰੁੱਪ ਵਲੋਂ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਲਈ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀ ਸੇਵਾ ਕੀਤੀ ਗਈ ਅਤੇ ਲੰਗਰਾਂ ਲਈ ਰਾਸ਼ਨ ਦੀ ਸੇਵਾ ਵੀ ਕੀਤੀ ਗਈ | ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਾਰਤੀ ਪੰਜਾਬ ਦੇ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਲੰਗਰ 'ਚ ਜਲੇਬੀਆਂ ਦੀ ਸੇਵਾ ਕੀਤੀ ਗਈ, ਜੋ ਕਿ ਗਾਖਲ ਪਰਿਵਾਰ ਦੇ ਨੱਥਾ ਸਿੰਘ ਗਾਖਲ ਨੇ ਖ਼ੁਦ ਵਰਤਾਉਣ ਦੀ ਸੇਵਾ ਕੀਤੀ | ਗੁਰਦੁਆਰਾ ਪਟਨਾ ਸਾਹਿਬ ਵਿਖੇ ਲੰਗਰਾਂ 'ਚ ਰਾਸ਼ਨ ਅਤੇ ਕੜਾਹ ਪ੍ਰਸ਼ਾਦ 'ਚ ਸੇਵਾ ਪਾਉਣ ਤੋਂ ਇਲਾਵਾ ਦੁੱਧ ਅਤੇ ਬਿਸਕੁਟਾਂ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ | ਉਨ੍ਹਾਂ ਕਿਹਾ ਕਿ ਸਾਡੇ ਵੱਡੇ ਭਾਗ ਹਨ ਕਿ ਅਕਾਲ ਪੁਰਖ ਨੇ ਗਾਖਲ ਪਰਿਵਾਰ ਤੋਂ ਇਹ ਸੇਵਾ ਲਈ ਹੈ | ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਗਾਖਲ ਪਰਿਵਾਰ ਤੋਂ ਅਜਿਹੀ ਸੇਵਾ ਹਮੇਸ਼ਾ ਹੀ ਲੈਂਦੇ ਰਹਿਣ |