ਫ੍ਰੈਂਚ ਓਪਨ ਦੀ ਇਨਾਮੀ ਰਾਸ਼ੀ 'ਚ 10 ਫ਼ੀਸਦ ਦਾ ਵਾਧਾ
ਅਜੀਤ ਡੈਸਕ
17-04-2026
ਪੈਰਿਸ, 16 ਅਪ੍ਰੈਲ (ਏਜੰਸੀ)-ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਲਗਭਗ 10 ਫ਼ੀਸਦ ਵਧਾਈ ਗਈ ਹੈ, ਜਿਸ ਨਾਲ ਕੁੱਲ ਇਨਾਮੀ ਰਾਸ਼ੀ 61.7 ਮਿਲੀਅਨ ਯੂਰੋ (7 ਕਰੋੜ ਡਾਲਰ ਤੋਂ ਵੱਧ) ਹੋ ਗਈ ਹੈ | ਇਹ ਕੁੱਲ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 53 ਲੱਖ ਯੂਰੋ ਦੇ ਵਾਧੇ ਨੂੰ ਦਰਸਾਉਂਦਾ ਹੈ | ਇਹ ਟੂਰਨਾਮੈਂਟ 24 ਮਈ ਨੂੰ ਪੱਛਮੀ ਪੈਰਿਸ ਦੇ ਰੋਲੈਂਡ ਗੈਰੋਸ ਵਿਖੇ ਸ਼ੁਰੂ ਹੋਣ ਵਾਲਾ ਹੈ | ਪੁਰਸ਼ਾਂ ਤੇ ਮਹਿਲਾ ਸਿੰਗਲਜ਼ ਚੈਂਪੀਅਨਾਂ ਨੂੰ 28 ਲੱਖ ਯੂਰੋ ਮਿਲਣਗੇ, ਜਦੋਂ ਕਿ ਉਪ ਜੇਤੂਆਂ ਨੂੰ 14 ਲੱਖ ਯੂਰੋ ਮਿਲਣਗੇ | ਸੈਮੀਫਾਈਨਲ 'ਚ ਪਹੁੰਚਣ ਵਾਲੇ ਖਿਡਾਰੀਆਂ ਨੂੰ 750,000 ਯੂਰੋ ਮਿਲਣਗੇ ਤੇ ਪਹਿਲੇ ਦੌਰ ਵਿਚ ਬਾਹਰ ਹੋਣ ਵਾਲੇ ਖਿਡਾਰੀਆਂ ਨੂੰ 87,000 ਯੂਰੋ ਮਿਲਣਗੇ | ਪੁਰਸ਼ਾਂ ਤੇ ਮਹਿਲਾ ਡਬਲਜ਼ ਮੁਕਾਬਲਿਆਂ ਦੇ ਜੇਤੂਆਂ ਨੂੰ 600,000 ਯੂਰੋ ਮਿਲਣਗੇ ਤੇ ਮਿਕਸਡ ਡਬਲਜ਼ ਵਿਚ ਚੈਂਪੀਅਨ ਜੋੜੀ ਨੂੰ 122,000 ਯੂਰੋ ਮਿਲਣਗੇ |