ਲੰਡਨ, 16 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਭਾਰਤੀ ਹਾਈ ਕਮਿਸ਼ਨ ਨੇ 'ਭਾਰਤ ਰਤਨ' ਡਾ. ਬੀ.ਆਰ. ਅੰਬੇਡਕਰ ਦੀ 136ਵੀਂ ਜਨਮ ਵਰ੍ਹੇਗੰਢ ਮਨਾਈ | ਬਾਬਾ ਸਾਹਿਬ ਨੂੰ ਫੁੱਲਮਾਲਾ ਭੇਟ ਕਰਕੇ ਤੇ ਉਹਨਾਂ ਦੇ ਭਾਰਤ ਲਈ ਤੇ ਖਾਸ ਕਰਕੇ ਪਛੜੇ ਵਰਗਾਂ ਨੂੰ ਸਮਾਨਤਾ ਦੇਣ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ | ਬੀਤੇ ਕੱਲ੍ਹ ਬੁੱਧਵਾਰ ਸ਼ਾਮ ਨੂੰ ਇੰਡੀਆ ਹਾਊਸ ਦੇ ਅੰਬੇਡਕਰ ਹਾਲ 'ਚ ਕਰਵਾਏ ਗਏ ਇਸ ਸਮਾਗਮ ਨੂੰ 'ਫੈਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁੱਧਿਸਟ ਆਰਗੇਨਾਈਜ਼ੇਸ਼ਨਜ਼ ਯੂ.ਕੇ.' ਦੇ ਮੈਂਬਰਾਂ, ਵਿਦਿਆਰਥੀਆਂ ਤੇ ਭਾਈਚਾਰਕ ਆਗੂਆਂ ਵਲੋਂ ਕਾਵਿਕ ਪੇਸ਼ਕਾਰੀਆਂ ਰਾਹੀਂ ਪੇਸ਼ ਕੀਤੀਆਂ ਗਈਆਂ | ਜਿਸ ਵਿਚ ਭਾਰਤੀ ਸੰਵਿਧਾਨ ਦੇ ਪ੍ਰਮੁੱਖ ਆਰਕੀਟੈਕਟ ਦੇ ਦੂਰਗਾਮੀ ਸਮਾਜਿਕ-ਆਰਥਿਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ | ਅੰਬੇਡਕਰ ਦੇ ਜੀਵਨ ਤੇ ਪੇਸ਼ੇ ਵਿਚ ਕਈ ਮੁੱਖ ਘਟਨਾਵਾਂ ਨੂੰ ਦਰਸਾਉਂਦੀ ਇੱਕ ਵੀਡੀਓ ਦਿਖਾਈ ਗਈ, ਜਿਸ ਵਿਚ ਲੰਡਨ ਵਿਚ ਕਾਨੂੰਨ ਦੇ ਵਿਦਿਆਰਥੀ ਵਜੋਂ ਉਨ੍ਹਾਂ ਦਾ ਸਮੇਂ ਦੀਆਂ ਝਲਕੀਆਂ ਵੀ ਸ਼ਾਮਲ ਸਨ | ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਯੂ.ਕੇ. ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਕਿਹਾ ਕਿ ਅੰਬੇਡਕਰ ਦਾ ਸੰਦੇਸ਼ ਕਿ ਲੋਕਤੰਤਰ ਦਾ ਸਾਰ ਇਸ ਵਿਚਾਰ ਵਿਚ ਹੈ ਕਿ ਅਸੀਂ ਸਾਰੇ ਲੋਕਾਂ ਨਾਲ ਬਰਾਬਰ ਵਿਵਹਾਰ ਕਰਦੇ ਹਾਂ, ਇੱਕ ਆਧੁਨਿਕ ਰਾਸ਼ਟਰ ਲਈ ਬਹੁਤ ਮਹੱਤਵ ਰੱਖਦਾ ਹੈ | ਉਨ੍ਹਾਂ ਕਿਹਾ ਕਿ ਇਹ ਇਕ ਯਾਤਰਾ ਹੈ, ਜੋ ਸਿਰਫ਼ ਭਾਰਤ ਵਿਚ ਹੀ ਨਹੀਂ, ਸਗੋਂ ਦੁਨੀਆ ਭਰ 'ਚ ਜਾਰੀ ਹੈ | ਅਸੀਂ ਨਿਰੰਤਰ ਅਸਮਾਨਤਾ ਤੇ ਲਿੰਗ ਤੇ ਸਮਾਜਿਕ ਹਿੰਸਾ ਦੇ ਸਮੇਂ ਵਿਚ ਰਹਿੰਦੇ ਹਾਂ | ਪਰ ਬਾਬਾ ਸਾਹਿਬ ਵਲੋਂ ਸਾਨੂੰ ਸਿਖਾਈਆਂ ਗਈਆਂ ਸੱਚਾਈਆਂ ਤੋਂ ਇਨਕਾਰ ਜਾਂ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਮਨਿਸਟਰ ਕੋਆਰਡੀਨੇਟਰ ਦੀਪਕ, ਕੁਲਵਿੰਦਰ ਕੁਮਾਰ ਪੋਲ, ਤਲਵਿੰਦਰ ਸਿੰਘ ਢਿੱਲੋਂ, ਰਮੇਸ਼ ਕਲੇਰ ਤੇ ਹੋਰ ਹਾਜ਼ਰ ਸਨ |