ਲੈਸਟਰ (ਇੰਗਲੈਂਡ), 16 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇਕ ਵੱਡੀ ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਕੁੱਝ ਪਰਵਾਸੀ ਵਿਦੇਸ਼ 'ਚ ਰਹਿਣ ਲਈ ਘਰੇਲੂ ਹਿੰਸਾ ਦੇ ਝੂਠੇ ਦਾਅਵੇ ਕਰ ਰਹੇ ਹਨ ਤੇ ਇਸ ਲਈ ਕਾਨੂੰਨੀ ਪ੍ਰਣਾਲੀ ਦਾ ਗਲਤ ਫ਼ਾਇਦਾ ਚੁੱਕਿਆ ਜਾ ਰਿਹਾ ਹੈ | ਇਹ ਯੋਜਨਾ ਅਸਲ ਪੀੜਤਾਂ ਦੀ ਮਦਦ ਲਈ ਬਣਾਈ ਗਈ ਸੀ, ਪਰ ਹੁਣ ਇਸਦਾ ਦੁਰਉਪਯੋਗ ਵਧ ਰਿਹਾ ਹੈ | ਜਾਂਚ ਦੌਰਾਨ ਪਤਾ ਲੱਗਿਆ ਕਿ ਕੁੱਝ ਗੈਰ-ਮਾਨਤਾ ਪ੍ਰਾਪਤ ਸਲਾਹਕਾਰ ਪੈਸੇ ਲੈ ਕੇ ਲੋਕਾਂ ਨੂੰ ਝੂਠੇ ਕੇਸ ਬਣਾਉਣ ਲਈ ਉਕਸਾਉਂਦੇ ਹਨ | ਇਕ ਗੁਪਤ ਮੀਟਿੰਗ 'ਚ ਇਕ ਵਿਅਕਤੀ ਨੇ 900 ਪੌਂਡ ਦੇ ਬਦਲੇ ਨਕਲੀ ਘਰੇਲੂ ਹਿੰਸਾ ਦੀ ਕਹਾਣੀ ਤਿਆਰ ਕਰਨ ਦੀ ਗੱਲ ਕਹੀ ਤੇ ਦੱਸਿਆ ਕਿ ਇਸ ਤਰ੍ਹਾਂ ਵਿਅਕਤੀ ਆਸਾਨੀ ਨਾਲ ਉੱਥੇ ਰਹਿ ਸਕਦਾ ਹੈ | ਇਸ ਵਿਸ਼ੇਸ਼ ਯੋਜਨਾ ਹੇਠ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਸਾਥੀ ਵੱਲੋਂ ਹਿੰਸਾ ਦਾ ਸ਼ਿਕਾਰ ਹੋਣ ਦਾ ਦਾਅਵਾ ਕਰਦਾ ਹੈ, ਤਾਂ ਉਸਨੂੰ ਕੁੱਝ ਸਮੇਂ ਲਈ ਉੱਥੇ ਰਹਿਣ ਦੀ ਆਗਿਆ ਮਿਲਦੀ ਹੈ ਤੇ ਇਸ ਦੌਰਾਨ ਉਹ ਪੱਕੇ ਤੌਰ 'ਤੇ ਰਹਿਣ ਲਈ ਅਰਜ਼ੀ ਦੇ ਸਕਦਾ ਹੈ | ਇਹ ਪ੍ਰਕਿਰਿਆ ਹੋਰ ਰਾਹਾਂ ਨਾਲੋਂ ਕਾਫੀ ਤੇਜ਼ ਹੈ, ਜਿਸ ਕਰਕੇ ਇਸਦਾ ਗਲਤ ਇਸਤੇਮਾਲ ਹੋ ਰਿਹਾ ਹੈ | ਅੰਕੜਿਆਂ ਮੁਤਾਬਿਕ ਪਿਛਲੇ ਕੁੱਝ ਸਾਲਾਂ 'ਚ ਅਜਿਹੀਆਂ ਅਰਜ਼ੀਆਂ 'ਚ ਵੱਡਾ ਵਾਧਾ ਹੋਇਆ ਹੈ ਤੇ ਇਹ ਗਿਣਤੀ 5,500 ਤੋਂ ਵੱਧ ਹੋ ਗਈ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਘੱਟ ਜਾਂ ਅਪ੍ਰਮਾਣਿਤ ਸਬੂਤਾਂ ਦੇ ਆਧਾਰ 'ਤੇ ਵੀ ਕੇਸ ਅੱਗੇ ਵਧ ਜਾਂਦੇ ਹਨ, ਜਿਸ ਨਾਲ ਪ੍ਰਣਾਲੀ ਦੀ ਭਰੋਸੇਯੋਗਤਾ 'ਤੇ ਸਵਾਲ ਉੱਠ ਰਹੇ ਹਨ | ਕੁੱਝ ਸਥਾਨਕ ਨਾਗਰਿਕਾਂ ਨੇ ਵੀ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਸਾਥੀਆਂ ਨੇ ਝੂਠੇ ਦਾਅਵੇ ਕਰਕੇ ਉਨ੍ਹਾਂ ਨੂੰ ਫਸਾਇਆ | ਇਕ ਮਹਿਲਾ ਨੇ ਦੱਸਿਆ ਕਿ ਉਸਦੇ ਸਾਥੀ ਨੇ ਉਸ 'ਤੇ ਘਰੇਲੂ ਹਿੰਸਾ ਦਾ ਝੂਠਾ ਦੋਸ਼ ਲਗਾ ਕੇ ਦੇਸ਼ ਛੱਡਣ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਸਦੀ ਨਿੱਜੀ ਜ਼ਿੰਦਗੀ ਅਤੇ ਮਨੋਵਿਗਿਆਨਕ ਹਾਲਤ 'ਤੇ ਬੁਰਾ ਅਸਰ ਪਿਆ | ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਸੰਬੰਧਿਤ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਅਜਿਹੇ ਲੋਕ ਜੋ ਕਾਨੂੰਨ ਦਾ ਦੁਰਉਪਯੋਗ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਚੇਤਾਵਨੀ ਦਿੱਤੀ ਕਿ ਧੋਖੇ ਨਾਲ ਰਹਿਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਭੇਜਿਆ ਜਾਵੇਗਾ | ਨਿਗਰਾਨ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਗੈਰ-ਕਾਨੂੰਨੀ ਸਲਾਹਕਾਰਾਂ ਖ਼ਿਲਾਫ਼ ਜਾਂਚ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਸਿਰਫ਼ ਮਾਨਤਾ ਪ੍ਰਾਪਤ ਸਲਾਹਕਾਰਾਂ ਦੀ ਸੇਵਾ ਲੈਣ ਦੀ ਸਲਾਹ ਦਿੱਤੀ ਗਈ ਹੈ | ਮਾਹਿਰਾਂ ਦੇ ਅਨੁਸਾਰ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਅਸਲੀ ਪੀੜਤਾਂ ਦੀ ਸੁਰੱਖਿਆ ਕਰਦਿਆਂ ਇਸ ਤਰ੍ਹਾਂ ਦੇ ਦੁਰ-ਉਪਯੋਗ ਨੂੰ ਕਿਵੇਂ ਰੋਕਿਆ ਜਾਵੇ |