ਲੰਡਨ, 16 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜਰਮਨੀ ਦੇ ਫਰੈਂਕਫਰਟ ਦੇ ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੇ ਅੱਡੇ 'ਤੇ ਟੈਕਸੀ ਮਾਲਕਾਂ ਤੇ ਚਾਲਕਾਂ ਨੇ ਵੱਖ-ਵੱਖ ਦੂਜੇ ਦੇਸ਼ਾਂ ਦੇ ਲੋਕਾਂ ਨਾਲ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ | ਭਾਈ ਗੁਰਚਰਨ ਸਿੰਘ ਗੁਰਾਇਆ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਖਾਲਸੇ ਪੰਥ ਦੇ 327ਵੇਂ ਪ੍ਰਗਟ ਦਿਹਾੜੇ ਦੀ ਪਵਿੱਤਰ ਖ਼ੁਸ਼ੀ 'ਚ ਵਿਸ਼ੇਸ਼ ਲੰਗਰ ਸੇਵਾ ਕੀਤੀ ਗਈ, ਮਿਠਾਈ ਤੇ ਚਾਹ ਦੇ ਲੰਗਰਾਂ ਦੇ ਨਾਲ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਦੇ ਸੁਨਹਿਰੀ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਸਾਂਝ ਪਾਈ ਗਈ ਅਤੇ ਦੂਸਰੀਆਂ ਕੌਮਾਂ ਦੇ ਲੋਕਾਂ ਨੇ ਬਹੁਤ ਪਿਆਰ ਨਾਲ ਲੰਗਰ ਛਕਿਆ ਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਇਹ ਸੇਵਾ ਟੈਕਸੀ ਦੇ ਸੇਵਾਦਾਰਾਂ ਵੱਲੋਂ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਇਸ ਵਿਚ ਸਹਿਯੋਗ ਕਰਨ ਵਾਲਿਆ ਦਾ ਗੁਰਚਰਨ ਸਿੰਘ ਗੁਰਾਇਆ, ਦਵਿੰਦਰ ਸਿੰਘ ਬਾਜਵਾ, ਇਕਬਾਲ ਸਿੰਘ, ਗੁਰਵਿੰਦਰ ਸਿੰਘ, ਭਾਈ ਮਨਜੀਤ ਸਿੰਘ, ਅਮਰੀਕ ਸਿੰਘ ਮੀਕਾ, ਭਾਈ ਕਮਲਜੀਤ ਸਿੰਘ ਰਾਏ, ਤਿਰਲੋਕ ਸਿੰਘ ਸੈਣੀ ਤੇ ਸਮੂਹ ਟੈਕਸੀ ਮਾਲਕਾ ਤੇ ਚਾਲਕਾਂ ਦਾ ਸਹਿਯੋਗ ਕਰਨ ਵਾਲੇ ਵੀਰਾਂ ਦਾ ਧੰਨਵਾਦ ਕੀਤਾ ਗਿਆ |