10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬਰੈਡਫੋਰਡ 'ਚ ਖ਼ਾਲਸਾ ਸਾਜਨਾ ਦਿਵਸ ਮੌਕੇ ਵਿਸ਼ਾਲ ਨਗਰ ਕੀਰਤਨ,

Ad Position 21
No active advertisement
ਅਜੀਤ ਡੈਸਕ 20-04-2026

ਲੈਸਟਰ (ਇੰਗਲੈਂਡ), 19 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਦਿਆਂ ਬਰੈਡਫੋਰਡ ਦੀ ਸਿੱਖ ਸੰਗਤ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ | ਇਸ ਧਾਰਮਿਕ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਪੂਰੇ ਸ਼ਹਿਰ ਨੂੰ ਗੁਰਬਾਣੀ ਦੇ ਰੰਗ ਵਿਚ ਰੰਗ ਦਿੱਤਾ | ਨਗਰ ਕੀਰਤਨ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ, ਜਿੱਥੇ ਪਹਿਲਾਂ ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਰਵਾਨਾ ਹੋਇਆ | ਰਸਤੇ ਦੌਰਾਨ ਸੰਗਤਾਂ ਵੱਲੋਂ ਵਾਹਿਗੁਰੂ ਦੇ ਜਾਪ, ਕੀਰਤਨ ਅਤੇ ਸਿਮਰਨ ਰਾਹੀਂ ਭਗਤੀ ਮਈ ਮਾਹੌਲ ਬਣਾਇਆ ਗਿਆ, ਜਿਸ ਨਾਲ ਸ਼ਹਿਰ ਦੀਆਂ ਗਲੀਆਂ ਗੁਰਬਾਣੀ ਦੀਆਂ ਧੁਨਾਂ ਨਾਲ ਗੂੰਜਦੀਆਂ ਰਹੀਆਂ | ਨਗਰ ਕੀਰਤਨ ਦੌਰਾਨ ਸ਼ਹਿਰ ਦੇ ਪੰਜ ਵੱਖ-ਵੱਖ ਗੁਰੂ-ਘਰਾਂ 'ਤੇ ਪੜਾਅ ਕੀਤੇ ਗਏ, ਜਿੱਥੇ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ ਗਈਆਂ | ਹਰ ਪੜਾਅ 'ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਲੰਗਰਾਂ ਦਾ ਵਿਸ਼ਾਲ ਪ੍ਰਬੰਧ ਕੀਤਾ ਗਿਆ | ਨਗਰ ਕੀਰਤਨ ਦੀ ਵਿਸ਼ੇਸ਼ ਰੌਣਕ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਗਤਕਾ ਪਾਰਟੀਆਂ ਵੱਲੋਂ ਰਵਾਇਤੀ ਹਥਿਆਰਾਂ ਨਾਲ ਦਿਲਚਸਪ ਤੇ ਰੋਮਾਂਚਕ ਜੌਹਰ ਵਿਖਾਏ ਗਏ | ਨੌਜਵਾਨਾਂ ਤੇ ਬੱਚਿਆਂ ਵੱਲੋਂ ਵੀ ਵੱਡੀ ਗਿਣਤੀ 'ਚ ਹਿੱਸਾ ਲੈ ਕੇ ਸਿੱਖੀ ਨਾਲ ਆਪਣੀ ਲਗਨ ਦਰਸਾਈ ਗਈ | ਇਸ ਦੇ ਨਾਲ ਹੀ ਵੱਖ-ਵੱਖ ਝਾਕੀਆਂ ਰਾਹੀਂ ਸਿੱਖ ਇਤਿਹਾਸ ਦੇ ਮਹੱਤਵਪੂਰਨ ਪੱਖਾਂ ਨੂੰ ਦਰਸਾਇਆ ਗਿਆ, ਜਿਸ ਨਾਲ ਨਵੀਂ ਪੀੜੀ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜਨ ਦਾ ਯਤਨ ਕੀਤਾ ਗਿਆ | ਸਮਾਗਮ ਦੌਰਾਨ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਰਸਤੇ ਵਿਚ ਹੀ ਲੰਗਰ, ਚਾਹ, ਪਾਣੀ ਅਤੇ ਹੋਰ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ | ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਵੀ ਪੂਰੀ ਸਹਿਯੋਗ ਦਿੱਤਾ ਗਿਆ, ਜਿਸ ਨਾਲ ਨਗਰ ਕੀਰਤਨ ਸ਼ਾਂਤੀਪੂਰਵਕ ਤੇ ਸੁਚਾਰੂ ਢੰਗ ਨਾਲ ਸੰਪੰਨ ਹੋਇਆ | ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਗੁਜ਼ਰਦਾ ਹੋਇਆ ਮੁੜ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ, ਜਿੱਥੇ ਅੰਤਿਮ ਅਰਦਾਸ ਕੀਤੀ ਗਈ ਤੇ ਸੰਗਤਾਂ ਨੂੰ ਲੰਗਰ ਛਕਾਇਆ ਗਿਆ | ਇਸ ਵਿਸ਼ਾਲ ਨਗਰ ਕੀਰਤਨ ਦਾ ਮੁੱਖ ਮੰਤਵ ਖ਼ਾਲਸਾ ਪੰਥ ਦੀ ਸਿਰਜਣਾ ਦੀ ਯਾਦ ਤਾਜ਼ਾ ਕਰਨਾ, ਸਿੱਖੀ ਦੇ ਉੱਚ ਆਦਰਸ਼ਾਂ ਨੂੰ ਪ੍ਰਚਾਰਿਤ ਕਰਨਾ ਤੇ ਨਵੀਂ ਪੀੜੀ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਨਾ ਸੀ | ਇਸ ਮੌਕੇ ਸੰਗਤਾਂ ਵੱਲੋਂ ਭਰਪੂਰ ਉਤਸ਼ਾਹ ਦਿਖਾਇਆ ਗਿਆ ਤੇ ਪ੍ਰਬੰਧਕਾਂ ਨੇ ਆਸ ਜਤਾਈ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਹੋਰ ਵੱਡੇ ਪੱਧਰ 'ਤੇ ਕਰਵਾਏ ਜਾਣਗੇ |


Ad Position 22
No active advertisement
ਪਿਛਲੀ ਖ਼ਬਰ ਲੈਸਟਰ 'ਚ ਵਿਸਾਖੀ ਮੌਕੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਵਿਸ਼ਾਲ ਜੋੜ ਮੇਲਾ ਅਗਲੀ ਖ਼ਬਰ ਵੈਸਟ ਬ੍ਰੋਮਵਿਚ 'ਚ ਬਹੁਤ ਧੂਮ ਧਾਮ ਨਾਲ ਮਨਾਇਆ ਪੰਜਾਬੀ ਸੱਭਿਆਚਾਰ ਦਿਵਸ
Ad Position 24