ਲੈਸਟਰ (ਇੰਗਲੈਂਡ), 19 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਮੌਕੇ 'ਤੇ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਰਾਮਦਾਸ ਵੇਅ ਵਿਖੇ ਵਿਸ਼ਾਲ ਜੋੜ ਮੇਲ ਬੜੇ ਹੀ ਉਤਸ਼ਾਹ, ਧੂਮਧਾਮ ਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ | ਇਸ ਵਿਸ਼ਾਲ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰਕੇ ਮਾਹੌਲ ਨੂੰ ਪੂਰੀ ਤਰ੍ਹਾਂ ਪੰਜਾਬੀ ਤੇ ਖ਼ਾਲਸਾਈ ਰੰਗਾਂ ਨਾਲ ਰੰਗ ਦਿੱਤਾ, ਜਿੱਥੇ ਹਰ ਪਾਸੇ ਖ਼ੁਸ਼ੀ ਅਤੇ ਰੌਣਕ ਦਾ ਮਾਹੌਲ ਦੇਖਣ ਨੂੰ ਮਿਲਿਆ | ਸਮਾਗਮ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਖੁੱਲ੍ਹੀ ਜਗ੍ਹਾ ਵਿਚ ਵੱਖ-ਵੱਖ ਸਟਾਲਾਂ ਲਗਾ ਕੇ ਅਨੇਕਾਂ ਕਿਸਮਾਂ ਦੇ ਰਵਾਇਤੀ ਪੰਜਾਬੀ ਪਕਵਾਨਾਂ ਦੇ ਲੰਗਰ ਲਗਾਏ ਗਏ | ਸੰਗਤਾਂ ਨੇ ਬੜੇ ਹੀ ਚਾਅ ਤੇ ਸ਼ਰਧਾ ਨਾਲ ਲੰਗਰ ਛਕਿਆ ਤੇ ਸੇਵਾਦਾਰਾਂ ਨੇ ਵੀ ਪੂਰੇ ਉਤਸ਼ਾਹ ਨਾਲ ਸੇਵਾ ਨਿਭਾਈ | ਇਸ ਦੇ ਨਾਲ ਹੀ ਵੱਖ-ਵੱਖ ਕਿਸਮ ਦੀਆਂ ਦੁਕਾਨਾਂ ਵੀ ਲਗਾਈਆਂ ਗਈਆਂ, ਜਿੱਥੇ ਲੋਕਾਂ ਨੇ ਖ਼ਰੀਦਦਾਰੀ ਕਰਦੇ ਹੋਏ ਇਸ ਧਾਰਮਿਕ ਸਮਾਗਮ ਦੀ ਰੌਣਕ ਨੂੰ ਹੋਰ ਵਧਾਇਆ | ਇਹ ਸਾਰਾ ਦਿ੍ਸ਼ ਪੰਜਾਬ ਦੇ ਕਿਸੇ ਪੇਂਡੂ ਵਿਸਾਖੀ ਜੋੜ ਮੇਲ ਦੀ ਜੀਵੰਤ ਝਲਕ ਪੇਸ਼ ਕਰਦਾ ਨਜ਼ਰ ਆਇਆ, ਜਿੱਥੇ ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਦਿਲ ਖੋਲ੍ਹ ਕੇ ਇਸ ਧਾਰਮਿਕ ਜੋੜ ਮੇਲ ਦਾ ਆਨੰਦ ਮਾਣਿਆ | ਸਮਾਗਮ ਦੌਰਾਨ ਸਥਾਨਕ ਪੁਲਿਸ ਵੱਲੋਂ ਵੀ ਆਪਣੀ ਸਮਾਜਿਕ ਜੁੰਮੇਵਾਰੀ ਨਿਭਾਉਂਦਿਆਂ ਖ਼ਾਸ ਭਾਗੀਦਾਰੀ ਕੀਤੀ ਗਈ | ਪੁਲਿਸ ਅਧਿਕਾਰੀਆਂ ਨੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਐਂਮਰਜੰਸੀ ਸੇਵਾਵਾਂ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਬੱਚਿਆਂ ਨੂੰ ਪੁਲਿਸ ਦੇ ਸਾਜੋ-ਸਮਾਨ ਤੇ ਵਾਹਨਾਂ ਨਾਲ ਜਾਣੂ ਕਰਵਾਇਆ ਗਿਆ, ਜਿਸ ਨਾਲ ਉਨ੍ਹਾਂ ਵਿਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧੀ ਅਤੇ ਉਨ੍ਹਾਂ ਨੇ ਇਸ ਜਾਣਕਾਰੀ ਨੂੰ ਬੜੇ ਉਤਸ਼ਾਹ ਨਾਲ ਸਵੀਕਾਰਿਆ | ਇਸ ਦੇ ਨਾਲ ਹੀ ਨੌਜਵਾਨਾਂ ਅਤੇ ਬੱਚਿਆਂ ਲਈ ਬਾਕਸਿੰਗ, ਕਰਾਟੇ ਅਤੇ ਹੋਰ ਵੱਖ-ਵੱਖ ਖੇਡਾਂ ਦੇ ਪ੍ਰਦਰਸ਼ਨ ਤੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ | ਨੌਜਵਾਨ ਪੀੜ੍ਹੀ ਵੱਲੋਂ ਵਧ-ਚੜ੍ਹ ਕੇ ਹਿੱਸਾ ਲੈਣਾ ਸਮਾਗਮ ਦੀ ਇਕ ਵੱਡੀ ਵਿਸ਼ੇਸ਼ਤਾ ਰਿਹਾ, ਜਿਸ ਨਾਲ ਇਹ ਸਾਬਤ ਹੋਇਆ ਕਿ ਨਵੀਂ ਪੀੜ੍ਹੀ ਆਪਣੇ ਇਤਿਹਾਸ, ਸਭਿਆਚਾਰ ਅਤੇ ਰਵਾਇਤਾਂ ਨਾਲ ਜੁੜਨ ਲਈ ਉਤਸੁਕ ਹੈ | ਬੱਚਿਆਂ ਲਈ ਖ਼ਾਸ ਤੌਰ 'ਤੇ ਝੂਲਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਜੋ ਕਿ ਛੋਟੇ ਬੱਚਿਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਉਨ੍ਹਾਂ ਨੇ ਖੂਬ ਮਨੋਰੰਜਨ ਕੀਤਾ | ਇਸ ਮੌਕੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਵੱਲੋਂ ਰਵਾਇਤੀ ਹਥਿਆਰਾਂ ਨਾਲ ਗਤਕੇ ਦੇ ਦਿਲਚਸਪ ਅਤੇ ਰੋਮਾਂਚਕ ਜੌਹਰ ਵਿਖਾਏ ਗਏ | ਨਿਹੰਗ ਸਿੰਘਾਂ ਦੀ ਇਸ ਪੇਸ਼ਕਸ਼ ਨੇ ਸੰਗਤਾਂ ਨੂੰ ਮੋਹਿਤ ਕਰ ਦਿੱਤਾ ਅਤੇ ਪੂਰੇ ਮਾਹੌਲ ਨੂੰ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ | ਗਤਕੇ ਦੇ ਜੌਹਰਾਂ ਰਾਹੀਂ ਸਿੱਖੀ ਦੀ ਸ਼ਾਨ ਅਤੇ ਬਹਾਦਰੀ ਦੀ ਜੀਵੰਤ ਝਲਕ ਵੇਖਣ ਨੂੰ ਮਿਲੀ, ਜਿਸ ਦੀ ਸੰਗਤ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ | ਸਮਾਗਮ ਦਾ ਮੁੱਖ ਮੰਤਵ ਸਿੱਖ ਇਤਿਹਾਸ,ਪੰਜਾਬੀ ਸਭਿਆਚਾਰ ਅਤੇ ਰਵਾਇਤਾਂ ਨੂੰ ਵਿਦੇਸ਼ਾਂ ਵਿਚ ਵੀ ਜੀਵੰਤ ਰੱਖਣਾ, ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਆਪਣੇ ਸ਼ਾਨਾਮੱਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਸੀ | ਇਸ ਉਦੇਸ਼ ਵਿਚ ਪ੍ਰਬੰਧਕ ਕਾਫੀ ਹੱਦ ਤੱਕ ਕਾਮਯਾਬ ਰਹੇ ਅਤੇ ਸਮਾਗਮ ਨੇ ਹਰ ਵਰਗ ਦੇ ਲੋਕਾਂ 'ਤੇ ਡੂੰਘਾ ਪ੍ਰਭਾਵ ਛੱਡਿਆ | ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਮੀਦ ਜਤਾਈ ਗਈ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਹੋਰ ਵੱਡੇ ਪੱਧਰ 'ਤੇ ਕਰਵਾਏ ਜਾਣਗੇ, ਤਾਂ ਜੋ ਵਿਦੇਸ਼ਾਂ ਵਿਚ ਵੀ ਸਿੱਖ ਇਤਿਹਾਸ,ਪੰਜਾਬੀ ਪਛਾਣ ਅਤੇ ਵਿਰਾਸਤ ਨੂੰ ਮਜ਼ਬੂਤੀ ਮਿਲਦੀ ਰਹੇ |