ਵੈਨਿਸ (ਇਟਲੀ), 19 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਦੇ ਵਿਚੈਂਸਾ ਜਿਲ੍ਹੇ ਵਿਚ ਸਥਿਤ ਗੁਰਦੁਆਰਾ ਸਾਹਿਬ ਬਾਬਾ ਜੋਰਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ ਦੁਆਰਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਲੋਨੀਗੋ ਸ਼ਹਿਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਲੋਨੀਗੋ ਗੁਰਦੁਆਰਾ ਸਾਹਿਬ ਤੋਂ ਸਿੱਖੀ ਪਰੰਪਰਾਵਾਂ ਤੇ ਸਿੱਖੀ ਸਿਧਾਤਾਂ ਅਨੁਸਾਰ ਸ਼ਾਨੋ ਸੌਕਤ ਨਾਲ਼ ਹੋਈ | ਸ਼ਹਿਰ ਦੀ ਮੁੱਖ ਪਾਰਕ 'ਚ ਵਿਸ਼ੇਸ਼ ਦੀਵਾਨ ਸਜਾਏ ਗਏ | ਜਿਸ ਵਿਚ ਗਿਆਨੀ ਸੁਖਜਿੰਦਰ ਸਿੰਘ ਨੂਰ ਦੇ ਢਾਡੀ ਜਥੇ ਵਲੋਂ ਵਡਮੁੱਲਾ ਇਤਿਹਾਸ ਸ੍ਰਵਣ ਕਰਵਾਇਆ ਗਿਆ ਤੇ ਬਾਬਾ ਜੋਗਾ ਸਿੰਘ ਖਾਲਸਾ ਰਾਮੂ ਥਿਆੜੇ ਵਾਲਿਆਂ ਦੁਆਰਾ ਕਥਾ ਕੀਰਤਨ ਕੀਤਾ ਗਿਆ | ਨਗਰ ਕੀਰਤਨ ਦੌਰਾਨ ਬ੍ਰੇਸ਼ੀਆ ਤੋਂ ਪਹੁੰਚੀ ਗਤਕਾ ਪਾਰਟੀ ਦੁਆਰਾ ਗਤਕੇ ਦੇ ਕਰਤੱਬ ਦਿਖਾਏ ਗਏ | ਨਗਰ ਕੀਰਤਨ ਦੁਆਰਾ ਇਟਾਲੀਅਨ ਪ੍ਰਸ਼ਾਨਿਕ ਅਧਿਕਾਰੀਆਂ ਤੇ ਮੇਅਰ ਸਮੇਤ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਵਡਮੁੱਲੇ ਵਿਚਾਰ ਪ੍ਰਗਟ ਕੀਤੇ | ਨਗਰ ਕੀਰਤਨ ਵਿੱਚ ਸੰਗਤ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ |