ਜਲੰਧਰ, 26 ਅਪ੍ਰੈਲ (ਡਾ.ਜਤਿੰਦਰ ਸਾਬੀ)-ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੇਲਸਿੰਕੀ ਵਿਖੇ ਵਾਰੀਅਰ ਹਾਕੀ ਕਲੱਬ ਦੇ ਮੈਂਬਰਾਂ ਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਵਿੱਕੀ ਮੋਗਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਵੇਲੇ ਫਿਨਲੈਂਡ ਦੀ ਹਾਕੀ ਟੀਮ ਦੇ ਵਿਚ ਪੰਜ ਪੰਜਾਬੀ ਖਿਡਾਰੀ ਅਰੁਣਜੀਤ ਸਿੰਘ, ਅਰਜਨਜੀਤ ਸਿੰਘ, ਪਰਮਪ੍ਰੀਤ ਸਿੰਘ, ਮਨਰਾਜ ਸਿੰਘ ਤੇ ਗੁਰਦਿੱਤ ਸਿੰਘ ਖੇਡ ਰਹੇ ਹਨ | ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹੇਲਸਿੰਕੀ ਉਲੰਪਿਕ 'ਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਝੰਡਾ ਬਰਦਾਰ ਰਹੇ ਬਲਵੀਰ ਸਿੰਘ ਸੀਨੀਅਰ ਦੀ ਤਸਵੀਰ ਅੱਜ ਵੀ ਉਸ ਸਟੇਡੀਅਮ 'ਚ ਲੱਗੀ ਹੋੋਈ ਹੈ, ਜਿਥੇ ਭਾਰਤੀ ਦਲ ਨੇ ਇਹ ਪ੍ਰਾਪਤੀ ਹਾਸਿਲ ਕੀਤੀ | ਹੇਲਸਿੰਕੀ ਦੇ ਭਾਰਤੀ ਦੂਤਾਵਾਸ ਵਲੋਂ ਕਰਵਾਏ ਗਏ ਇਕ ਸਮਾਗਮ ਦੇ ਵਿਚ ਪੰਜਾਬ ਸਰਕਾਰ ਦੇ ਮੰਤਰੀ, ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਹੇਲਸਿੰਕੀ ਦੇ ਹੋਰ ਖੇਡ ਪ੍ਰੇਮੀ ਤੇ ਪੰਜਾਬੀ ਭਾਈਚਾਰੇ ਦੇ ਲੋਕ ਵਿਸ਼ੇਸ਼ ਤੌਰ ਤੇ ਹਾਜਰ ਹੋਏ |