ਅੰਮਿ੍ਤਸਰ, 27 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਦੁਨੀਆ ਦੇ ਸਭ ਤੋਂ ਵੱਧ ਭੁੱਖਮਰੀ ਦਾ ਸਾਹਮਣਾ ਕਰ ਰਹੇ 10 ਦੇਸ਼ਾਂ 'ਚ ਸ਼ਾਮਿਲ ਕੀਤਾ ਗਿਆ ਹੈ | '2026 ਗਲੋਬਲ ਰਿਪੋਰਟ ਆਨ ਫੂਡ ਕ੍ਰਾਈਸਿਸ' 'ਚ ਪਾਕਿ ਨੂੰ ਅਫ਼ਗਾਨਿਸਤਾਨ, ਬੰਗਲਾਦੇਸ਼, ਕਾਂਗੋ ਲੋਕਤੰਤਰੀ ਗਣਰਾਜ, ਮਿਆਂਮਾਰ, ਨਾਈਜੀਰੀਆ, ਦੱਖਣੀ ਸੁਡਾਨ, ਸੁਡਾਨ, ਸੀਰੀਆ ਤੇ ਯਮਨ ਵਰਗੇ ਦੇਸ਼ਾਂ ਦੇ ਨਾਲ ਭੋਜਨ ਅਸੁਰੱਖਿਆ ਦੇ ਪ੍ਰਮੁੱਖ ਕੇਂਦਰਾਂ 'ਚੋਂ ਇਕ ਵਜੋਂ ਸੂਚੀਬੱਧ ਕੀਤਾ ਗਿਆ ਹੈ | ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ ਪਾਕਿ ਦੇ ਲਗਭਗ ਇਕ ਕਰੋੜ ਲੋਕ ਗੰਭੀਰ ਭੋਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ | ਪ੍ਰਭਾਵਿਤ ਲੋਕਾਂ 'ਚੋਂ 90 ਲੱਖ 30 ਹਜ਼ਾਰ ਸੰਕਟ ਦੀ ਸਥਿਤੀ 'ਚ ਹਨ ਤੇ 10 ਲੱਖ 70 ਹਜ਼ਾਰ ਗੰਭੀਰ ਭੋਜਨ ਅਸੁਰੱਖਿਆ 'ਚ ਸਨ | ਰਿਪੋਰਟ 'ਚ ਵਿਆਪਕ ਮੌਸਮੀ ਤਬਦੀਲੀਆਂ ਨੂੰ ਪਾਕਿ 'ਚ ਭੋਜਨ ਅਸੁਰੱਖਿਆ ਦੇ ਬਣੇ ਰਹਿਣ ਦੇ ਇਕ ਮੁੱਖ ਕਾਰਨ ਵਜੋਂ ਦਰਸਾਇਆ ਗਿਆ ਹੈ | ਇਸਦੇ ਅਨੁਸਾਰ ਪਾਕਿਸਤਾਨ 'ਚ ਭਾਰੀ ਮੀਂਹ ਤੇ ਅਚਾਨਕ ਹੜ੍ਹਾਂ ਨੇ 60 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ | ਹਾਲੀਆ ਰਿਪੋਰਟ ਦੇ ਪੋਸ਼ਣ ਵਿਸ਼ਲੇਸ਼ਣ 'ਚ ਵੀ ਪਾਕਿ ਦਾ ਜ਼ਿਕਰ ਕੀਤਾ ਗਿਆ ਹੈ, ਜਿਸ 'ਚ ਬਲੋਚਿਸਤਾਨ, ਖ਼ੈਬਰ ਪਖਤੂਨਖਵਾ ਅਤੇ ਸਿੰਧ ਨੂੰ ਚਿੰਤਾਜਨਕ ਖੇਤਰਾਂ 'ਚ ਸ਼ਾਮਿਲ ਕੀਤਾ ਗਿਆ ਹੈ |