ਲੰਡਨ, 27 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸਿੰਘ ਸਭਾ ਸਲੋਹ, ਗੁਰਦੁਆਰਾ ਰਾਮਗੜ੍ਹੀਆ ਸਭਾ ਸਲੋਹ ਤੇ ਹੋਰ ਗੁਰਦੁਆਰਾ ਸਾਹਿਬਾਨ ਤੇ ਸੰਗਤਾਂ ਦੇ ਸਹਿਯੋਗ ਨਾਲ ਸਲੋਹ ਵਿਖੇ ਬੀਤੇ ਕੱਲ ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਰਾਮਗੜ੍ਹੀਆ ਸਭਾ ਸਲੋਹ ਤੋਂ ਹੋਈ ਅਤੇ ਸਮਾਪਤੀ ਸਿੰਘ ਸਭਾ ਸਪੋਰਟਸ ਸੈਂਟਰ ਵਿਖੇ ਹੋਈ | ਸੁੰਦਰ ਪਾਲਕੀ ਵਿਚ ਸ਼ਸ਼ੋਬਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ | ਗੁਰਬਾਣੀ ਗਾਇਨ ਕਰਦਿਆਂ ਸੰਗਤਾਂ ਦਾ ਸਵਾਗਤ ਕਰਨ ਲਈ ਥਾਂ-ਥਾਂ 'ਤੇ ਲੰਗਰ ਲਗਾਏ ਹੋਏ ਸਨ | ਗੱਤਕਾ ਅਖਾੜੇ ਦੇ ਨੌਜਵਾਨਾਂ ਨੇ ਗੱਤਕੇ ਦੇ ਜੌਹਰ ਦਿਖਾਏ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ | ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਸਰ ਕਰਨ ਲਈ ਪ੍ਰੇਰਿਤ ਕੀਤਾ |