ਸਾਨ ਫਰਾਂਸਿਸਕੋ, 3 ਮਈ (ਐਸ. ਅਸ਼ੋਕ ਭੌਰਾ)-ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ਵਿਖੇ ਕਰਵਾਏ ਗਏ ਮਰਹੂਮ ਅਕਾਲੀ ਨੇਤਾ ਤੇ ਦਰਵੇਸ਼ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਦੀ ਯਾਦ 'ਚ ਇਕ ਸਮਾਗਮ ਦੌਰਾਨ ਬੋਲਦਿਆਂ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੇਰੇ ਪਿਤਾ ਆਖ਼ਰੀ ਦਮ ਤੱਕ ਪੰਥ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹੇ | ਉਨ੍ਹਾਂ ਕਿਹਾ ਕਿ ਅਸੂਲ ਤੇ ਸਿਧਾਂਤ ਤਿਆਗ ਕੇ ਕੀਤੇ ਗਏ ਸਮਝੌਤੇ ਦਾ ਕੋਈ ਲਾਭ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਉਹ ਵਾਰਿਸ ਪੰਜਾਬ ਦੇ ਨਾਲ ਮਿਲ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕੰਮ ਕਰਨ ਦਾ ਯਤਨ ਕਰ ਰਹੇ ਹਨ ਤੇ ਜੇ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਨਾਲ ਜੁੜਦੀ ਹੈ ਤਾਂ ਉਨ੍ਹਾਂ ਨੂੰ ਕੋਈ ਉਜ਼ਰ ਨਹੀਂ ਪਰ ਇਹ ਸਾਂਝ ਵੀ ਤਾਂ ਹੀ ਪਵੇਗੀ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਜਾਬ ਦੇ ਭਲੇ ਲਈ ਬਾਕੀ ਕਦਮ ਨਹੀਂ ਚੁੱਕੇ ਜਾਂਦੇ ਹਨ ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਕੀਤਾ ਜਾਂਦਾ ਸਲੂਕ ਬੰਦ ਨਹੀਂ ਹੁੰਦਾ | ਇਸ ਮੌਕੇ 'ਤੇ ਬੋਲਦਿਆਂ ਗੁਰਦੁਆਰਾ ਸੰਤ ਸਾਗਰ ਦੇ ਮੁੱਖ ਸੇਵਾਦਾਰ ਨਰਿੰਦਰਪਾਲ ਸਿੰਘ ਹੁੰਦਲ ਨੇ ਸ. ਢੀਂਡਸਾ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ | ਉੱਘੇ ਗੁਰਸਿੱਖ ਵਕੀਲ ਅਟਾਰਨੀ ਜਸਪ੍ਰੀਤ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਪਹਿਲਾਂ ਹੀ ਬੇਰੁਜ਼ਗਾਰੀ ਕਰਕੇ ਪਰੇਸ਼ਾਨ ਹੈ ਤੇ ਹੁਣ ਬਾਹਰੋਂ ਜਦੋਂ ਲੋਕ ਪਰਤ ਰਹੇ ਹਨ ਤਾਂ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ | ਇਸ ਮੌਕੇ ਹੋਰਨਾਂ ਤੋਂ ਸਿਵਾ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ, ਦਲਜੀਤ ਸਿੰਘ ਭੰਗੂ ਤੇ ਨਵਦੀਪ ਸਿੰਘ, ਗੁਰਨਾਮ ਸਿੰਘ, ਗੁਰਲਾਲ ਸਿੰਘ ਸੰਧੂ, ਹਰਪਾਲ ਸਿੰਘ ਚਾਹਲ, ਗੁਰਦੁਆਰਾ ਵੈਸਟ ਸੈਕਰਾਮੈਂਟੋ ਦੇ ਪ੍ਰਧਾਨ ਨਰਿੰਦਰ ਸਿੰਘ ਥਾਂਦੀ ਭਾਗ ਸਿੰਘ ਸਿੱਧੂ, ਬੱਬੀ ਵੜੈਚ ਤੇ ਅਕਾਲੀ ਦਲ ਪੁਨਰ ਸਰਜੀਤ ਦੇ ਰਘਵੀਰ ਸਿੰਘ ਰਾਜਾਸਾਂਸੀ ਨੇ ਵੀ ਆਪਣੇ ਵਿਚਾਰ ਰੱਖੇ ਤੇ ਮਰਹੂਮ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ ਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ |