ਵੈਨਕੂਵਰ ਦਾ ਕੌਮਾਂਤਰੀ ਹਵਾਈ ਅੱਡਾ ਦੁਨੀਆ ਦੇ ਸਰਬੋਤਮ ਹਵਾਈ ਅੱਡਿਆਂ ਦੀ ਸੂਚੀ ਵਿਚ ਸ਼ਾਮਿਲ
ਵੈਨਕੂਵਰ, 10 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ਵਿਚ ਸ਼ਾਮਿਲ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ਨੇ ਵਿਸ਼ਵ ਪੱਧਰ ‘ਤੇ ਇਕ ਹੋਰ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਨੂੰ ਦੁਨੀਆ ਦੇ ਬਿਹਤਰੀਨ ਕੌਮਾਂਤਰੀ ਹਵਾਈ ਅੱਡਿਆਂ ਵਾਲੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ।
ਵੈਨਕੂਵਰ, 10 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ਵਿਚ ਸ਼ਾਮਿਲ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ਨੇ ਵਿਸ਼ਵ ਪੱਧਰ ‘ਤੇ ਇਕ ਹੋਰ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਨੂੰ ਦੁਨੀਆ ਦੇ ਬਿਹਤਰੀਨ ਕੌਮਾਂਤਰੀ ਹਵਾਈ ਅੱਡਿਆਂ ਵਾਲੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਪ੍ਰਾਪਤੀ ਨਾਲ ਵੈਨਕੂਵਰ ਅਤੇ ਕੈਨੇਡਾ ਦਾ ਮਾਣ ਵਧਿਆ ਹੈ। ਇਹ ਹਵਾਈ ਅੱਡਾ ਕੈਨੇਡਾ ਦੇ ਪੱਛਮੀ ਹਿੱਸੇ ਨੂੰ ਏਸ਼ੀਆ, ਯੂਰਪ, ਅਮਰੀਕਾ ਅਤੇ ਦੁਨੀਆ ਦੇ ਹੋਰ ਖੇਤਰਾਂ ਨਾਲ ਜੋੜਨ ਵਾਲਾ ਇਕ ਮਹੱਤਵਪੂਰਨ ਕੇਂਦਰ ਹੈ। ਕੈਨੇਡਾ ਦੇ ਮਹਾਨਗਰ ਵੈਨਕੂਵਰ ਦੇ ਨਾਲ ਲੱਗਦੇ ਰਿਚਮੰਡ ਸ਼ਹਿਰ ਵਿਚ ਸਥਿਤ ਇਹ ਹਵਾਈ ਅੱਡਾ ਵੈਨਕੂਵਰ ਅਤੇ ਆਸ-ਪਾਸ ਦੇ ਸ਼ਹਿਰਾਂ ਦੇ ਲੱਖਾਂ ਯਾਤਰੀਆਂ ਲਈ ਹਵਾਈ ਸਫ਼ਰ ਦਾ ਮੁੱਖ ਕੇਂਦਰ ਹੈ। ਇਥੋਂ ਹਰ ਰੋਜ਼ ਵੱਡੀ ਗਿਣਤੀ ਵਿਚ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਚੱਲਦੀਆਂ ਹਨ।ਵੈਨਕੂਵਰ ਹਵਾਈ ਅੱਡਾ ਆਪਣੀ ਸੁੰਦਰ ਇਮਾਰਤ, ਯਾਤਰੀ ਸਹੂਲਤਾਂ, ਸਾਫ਼-ਸਫ਼ਾਈ ਅਤੇ ਆਵਾਜਾਈ ਨਾਲ ਸੰਪਰਕ ਲਈ ਜਾਣਿਆ ਜਾਂਦਾ ਹੈ। ਹਵਾਈ ਅੱਡੇ ਤੋਂ ਰੇਲ ਸੇਵਾ ਰਾਹੀਂ ਵੈਨਕੂਵਰ ਦੇ ਕੇਂਦਰੀ ਇਲਾਕੇ ਤੱਕ ਪਹੁੰਚਣ ਦੀ ਸਹੂਲਤ ਵੀ ਯਾਤਰੀਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।ਵਿਸ਼ਵ ਪ੍ਰਸਿੱਧ ਯਾਤਰਾ ਰਸਾਲੇ ਕੌਂਡੇ ਨਾਸਟ ਟ੍ਰੈਵਲਰ ਵਲੋਂ ਕਰਵਾਏ ਗਏ 39ਵੇਂ ਸਾਲਾਨਾ ਪਾਠਕ ਸਰਵੇਖਣ ਵਿਚ ਵੈਨਕੂਵਰ ਹਵਾਈ ਅੱਡੇ ਨੂੰ ਦੁਨੀਆ ਦੇ ਸਰਵੋਤਮ 10 ਕੌਮਾਂਤਰੀ ਹਵਾਈ ਅੱਡਿਆਂ ਵਿਚੋਂ ਨੌਵਾਂ ਸਥਾਨ ਪ੍ਰਾਪਤ ਹੋਇਆ ਹੈ। ਇਸ ਸਰਵੇਖਣ ਵਿੱਚ ਲਗਭਗ 8 ਲੱਖ ਪਾਠਕਾਂ ਨੇ ਆਪਣੇ ਯਾਤਰਾ ਤਜਰਬਿਆਂ ਦੇ ਆਧਾਰ ‘ਤੇ ਰਾਏ ਦਿੱਤੀ ਸੀ।ਰਸਾਲੇ ਨੇ ਹਵਾਈ ਅੱਡੇ ਦੀ ਆਂ ਯਾਤਰੀ ਸਹੂਲਤਾਂ, ਖਾਣ-ਪੀਣ ਦੇ ਪ੍ਰਬੰਧਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਯਾਤਰੀਆਂ ਲਈ ਪਹੁੰਚ ਸਹੂਲਤਾਂ ਦੀ ਸ਼ਲਾਘਾ ਕੀਤੀ ਹੈ। ਹਵਾਈ ਅੱਡੇ ‘ਤੇ ਸਥਿਤ ਜਾਪਾਡੌਗ ਵਰਗੇ ਖਾਣ-ਪੀਣ ਦੇ ਕੇਂਦਰਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਦੁਨੀਆ ਦੇ ਸਰਵੋਤਮ ਹਵਾਈ ਅੱਡਿਆਂ ਦੀ ਸੂਚੀ ਵਿਚ ਸਿੰਗਾਪੁਰ, ਜ਼ਿਊਰਿਖ ਅਤੇ ਦੁਬਈ ਦੇ ਹਵਾਈ ਅੱਡੇ ਵੀ ਸ਼ਾਮਿਲ ਹਨ।ਵੈਨਕੂਵਰ ਹਵਾਈ ਅੱਡੇ ਦੇ ਪ੍ਰਬੰਧਕਾਂ ਨੇ ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਯਾਤਰੀਆਂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸੇ ਸਰਵੇਖਣ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਨੂੰ ਲਗਾਤਾਰ ਚੌਥੇ ਸਾਲ ਦੁਨੀਆ ਦਾ ਸਰਵੋਤਮ ਛੋਟਾ ਸ਼ਹਿਰ ਚੁਣਿਆ ਗਿਆ ਹੈ।