ਲੰਡਨ, 4 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੀਆਂ ਕੌਂਸਲ ਤੇ ਸਥਾਨਿਕ ਅਥਾਰਟੀਆਂ ਦੀਆਂ ਚੋਣਾਂ 7 ਮਈ ਨੂੰ ਹੋਣ ਜਾ ਰਹੀਆਂ ਹਨ | ਇਸੇ ਮੌਕੇ ਹੀ ਸਕਾਟਲੈਂਡ ਤੇ ਵੇਲਜ਼ ਦੀ ਸੰਸਦ ਦੀਆਂ ਚੋਣਾਂ ਵੀ ਹੋ ਰਹੀਆਂ ਹਨ | ਇੰਗਲੈਂਡ ਭਰ 'ਚ 136 ਕੌਂਸਲਾਂ ਸਮੇਤ ਸਥਾਨਿਕ ਅਥਾਰਟੀਆਂ ਦੀਆਂ ਚੋਣਾਂ ਹੋਣ ਜਾ ਰਹੀਆ ਹਨ | ਇਹ ਚੋਣਾਂ ਬਰਤਾਨੀਆਂ ਦੀ ਸਿਆਸਤ ਦੀ ਦਿਸ਼ਾ ਤੈਅ ਕਰਨਗੀਆਂ | ਇਹਨਾ ਚੋਣਾਂ ਲਈ ਸਾਰੀਆਂ ਧਿਰਾਂ ਪੂਰੀ ਤਰ੍ਹਾਂ ਸਰਗਰਮ ਵਿਖਾਈ ਦੇ ਰਹੀਆਂ ਹਨ | ਲੋਕਾਂ ਦੇ ਘਰਾਂ 'ਚ ਜਾ ਕੇ ਉਮੀਦਵਾਰਾਂ ਵੱਲੋਂ ਆਪੋ ਆਪਣੀ ਪਾਰਟੀ ਦਾ ਪੱਖ ਰੱਖਿਆ ਜਾ ਰਿਹਾ ਹੈ, ਟੀ.ਵੀ. ਤੇ ਲਾਈਵ ਬਹਿਸਾਂ ਹੋ ਰਹੀਆਂ ਹਨ | ਇਹਨਾਂ ਚੋਣਾਂ 'ਚ ਮੁੱਖ ਤੌਰ 'ਤੇ ਲੰਡਨ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਕਿਉਂਕਿ ਲੰਡਨ ਦੀਆਂ ਸਾਰੀਆਂ 32 ਕੌਂਸਲਾਂ ਲਈ ਚੋਣਾਂ ਹੋ ਰਹੀਆਂ ਹਨ | ਲੰਡਨ ਦੇ 1817 ਕੌਂਸਲਰਾਂ ਦੀ ਚੋਣ ਤੋਂ ਇਲਾਵਾ ਲੰਡਨ ਮੇਅਰ, ਤੋਂ ਇਲਾਵਾ ਲੰਡਨ ਦੇ 5 ਹੋਰ ਹਲਕਿਆਂ ਵਿੱਚ ਮੇਅਰ ਦੀ ਸਿੱਧੀ ਚੋਣ ਵੀ ਹੋਣ ਜਾ ਰਹੀ ਹੈ | ਸਰਕਾਰੀ ਅੰਕੜਿਆਂ ਮੁਤਾਬਿਕ ਤਕਰੀਬਨ ਲੰਡਨ ਦੇ 60 ਲੱਖ ਮੱਤਦਾਤਾ ਇਹਨਾਂ ਚੋਣਾਂ 'ਚ ਵੋਟ ਪਾਉਣ ਦਾ ਅਧਿਕਾਰ ਰੱਖਦੇ ਹਨ | ਇਥੇ ਹੀ ਬੱਸ ਨਹੀਂ ਬ੍ਰਮਿੰਘਮ, ਮਾਨਚੈਸਟਰ, ਲੀਡਜ਼ ਤੇ ਸ਼ੈਫੀਲਡ ਵਰਗੇ ਵੱਡੇ ਸ਼ਹਿਰਾਂ 'ਚ ਵੀ ਕੌਂਸਲ ਵੋਟਾਂ ਪੈ ਰਹੀਆਂ | ਬਰਮਿੰਘਮ ਦੇ 69 ਵਾਰਡਾਂ ਦੀਆਂ 101 ਸੀਟਾਂ ਲਈ 600 ਤੋਂ ਵੱਧ ਉਮੀਦਵਾਰ ਮੈਦਾਨ ਵਿਚ ਹਨ | ਮਾਨਚੈਸਟਰ ਦੀਆਂ 10 ਬਾਰੋਅ ਲਈ 1175 ਉਮੀਦਵਾਰ ਮੈਦਾਨ 'ਚ ਹਨ | ਇਸ ਤੋਂ ਇਲਾਵਾ ਇੰਗਲੈਂਡ ਦੇ ਕਈ ਹੋਰ ਹਿੱਸਿਆਂ ਵਿਚ ਵੀ 7 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮੀ 10 ਵਜੇ ਤੱਕ ਵੋਟਾਂ ਪੈਣਗੀਆਂ ਤੇ ਹਰ ਵੋਟਰ ਨੂੰ ਫੋਟੋ ਵਾਲਾ ਪਹਿਚਾਣ ਪੱਤਰ ਲਿਆਉਣਾ ਲਾਜ਼ਮੀ ਹੋਵੇਗਾ | ਮੁੱਖ ਮੁਕਾਬਲਾ ਸੱਤਾਧਾਰੀ ਲੇਬਰ ਪਾਰਟੀ, ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ, ਲਿਬਰਲ ਡੈਮੋਕ੍ਰੇਟਿਕ ਪਾਰਟੀ, ਗਰੀਨ ਪਾਰਟੀ ਤੇ ਤੇਜ਼ੀ ਨਾਲ ਬਰਤਾਨਵੀ ਸਿਆਸਤ ਵਿਚ ਅੱਗੇ ਵੱਧ ਰਹੀ ਰੀਫੌਰਮ ਯੂ.ਕੇ. ਵਿਚਕਾਰ ਮੁਕਾਬਲਾ ਹੋ ਰਿਹਾ ਹੈ |