ਲੈਸਟਰ (ਇੰਗਲੈਂਡ), 4 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਚੈਨਲ ਪਾਰ ਕਰਨ ਦੀ ਕੋਸਿਸ਼ ਦੌਰਾਨ ਇਕ ਛੋਟੀ ਕਿਸ਼ਤੀ ਰਾਹੀਂ ਯਾਤਰਾ ਕਰ ਰਹੀਆਂ 2 ਲੜਕੀਆਂ ਦੀ ਮੌਤ ਹੋ ਗਈ | ਇਹ ਘਟਨਾ ਫਰਾਂਸ ਦੇ ਉੱਤਰੀ ਤਟ ਨੇੜੇ ਵਾਪਰੀ, ਜਿੱਥੇ 82 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਐਤਵਾਰ ਸਵੇਰੇ ਰੇਤ ਵਿੱਚ ਫਸ ਗਈ | ਫਰਾਂਸੀਸੀ ਅਧਿਕਾਰੀਆਂ ਮੁਤਾਬਕ ਮਰਨ ਵਾਲੀਆਂ ਦੋਵੇਂ ਲੜਕੀਆਂ ਦੀ ਉਮਰ ਲਗਭਗ 20 ਸਾਲ ਸੀ ਅਤੇ ਉਹ ਸੰਭਵ ਤੌਰ 'ਤੇ ਸੁਡਾਨੀ ਮੂਲ ਦੀਆਂ ਸਨ | ਉਨ੍ਹਾਂ ਦੀਆਂ ਲਾਸ਼ਾਂ ਕਿਸ਼ਤੀ ਦੇ ਅੰਦਰੋਂ ਮਿਲੀਆਂ | ਇਸ ਤੋਂ ਇਲਾਵਾ ਘਟਨਾ ਵਿਚ ਤਿੰਨ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਦਕਿ 14 ਹੋਰ ਲੋਕ ਜ਼ਖ਼ਮੀ ਹੋਏ ਹਨ |