ਗਲਾਸਗੋ, 12 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਦੇ ਵੁੱਡਸਾਇਡ ਹਾਲ 'ਚ ਸਕਾਟਲੈਂਡ ਵਿਚ ਪੰਜਾਬੀ ਦਾ ਪਸਾਰ ਕਰਨ ਵਾਲੀ ਸੰਸਥਾ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਰੰਗਾਰੰਗ ਪ੍ਰੋਗਰਾਮ 'ਵਿਸਾਖੀ ਸ਼ੋਅ' ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਾਹਿਤ ਸਭਾ ਦੇ ਪ੍ਰਧਾਨ ਦਲਜੀਤ ਸਿੰਘ ਦਿਲਬਰ ਨੇ ਖਚਾਖਚ ਭਰੇ ਹਾਲ 'ਚ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਹੋਇਆ ਕੀਤੀ | ਉਨ੍ਹਾਂ ਪੰਜਾਬੀ ਬੋਲੀ, ਸੱਭਿਆਚਾਰ, ਕਦਰਾਂ ਕੀਮਤਾਂ ਤੇ ਸਾਹਿਤ ਸਭਾ ਦੇ ਕਾਰਜ ਖੇਤਰਾਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਸਾਹਿਤ ਸਭਾ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ | ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ ਦੇ ਬੱਚਿਆਂ ਨੇ 'ਦੇਹਿ ਸ਼ਿਵਾ ਵਰ ਮੋਹਿ ਏਹਿ' ਸ਼ਬਦ ਦਾ ਗਾਇਨ ਕਰ ਕੇ ਪ੍ਰੋਗਰਾਮ ਅਰੰਭਿਆ | ਉਸ ਤੋਂ ਅਗਲੀ ਪੇਸ਼ਕਸ਼ ਵੀ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਤੋਂ ਚੱਲ ਕੇ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਨਾਲ ਸਬੰਧਤ ਸੰਘਰਸ਼ ਦੀ ਬਾਤ ਪਾਉਂਦੀ ਸਕਿੱਟ ਪੇਸ਼ ਕਰਕੇ ਕੀਤੀ | ਸਕਾਟਲੈਂਡ ਦੇ ਜੰਮਪਲ ਛੋਟੇ ਬੱਚੇ ਜਸਦੀਪ ਸਿੰਘ ਨੇ ਰਣਜੀਤ ਬਾਵਾ ਦਾ ਗੀਤ ਠੇਠ ਪੰਜਾਬੀ ਵਿਚ ਗਾ ਕੇ ਲੋਕਾਂ ਨੂੰ ਝੂਮਣ ਲਾ ਦਿੱਤਾ | ਪੰਜਾਬੀ ਸਕੂਲ ਦੇ ਬੱਚਿਆਂ ਨੇ ਇੱਕ ਹੋਰ ਕੋਰਿਓਗਰਾਫੀ 'ਜੰਗਲ ਦੀ ਅੱਗ' ਨੂੰ ਬੁਝਾਉਂਦੀ ਚਿੜੀ ਦੀ ਕਹਾਣੀ ਬਹੁਤ ਸ਼ਾਨਦਾਰ ਅੰਦਾਜ਼ ਵਿਚ ਪੇਸ਼ ਕੀਤੀ | ਛੋਟੀ ਬੱਚੀ ਸ੍ਰੀਸ਼ਾਅ ਕੇਦਾਰ ਨੇ ਪੰਜਾਬੀ ਗੀਤ 'ਤੇ ਭੰਗੜਾ ਪਾ ਕੇ ਸੱਭ ਹੈਰਾਨ ਕੀਤਾ | ਸਥਾਨਕ ਗਾਇਕ ਸੁੱਖੀ ਦੁਸਾਂਝ, ਸੰਤੇਖ ਸਿੰਘ ਸੋਹਲ, ਕਰਮਜੀਤ ਮੀਨੀਆਂ ਨੇ ਆਪਣੇ ਗੀਤਾਂ ਨਾਲ ਵਾਹਵਾ ਰੰਗ ਬੰਨਿ੍ਹਆ | ਬਿੱਲੇ ਅਤੇ ਭੱਲੇ ਦੀ ਭੰਡਾਂ ਦੀ ਪੇਸ਼ਕਾਰੀ ਨੇ ਵੀ ਦਰਸ਼ਕਾਂ ਦੇ ਰੂਬਰੂ ਹਾਸਾ ਠੱਠਾ ਕੀਤਾ | ਐਚ ਆਰ ਐਚ ਗਰੁੱਪ, ਦੇਸੀ ਬ੍ਰੇਵਹਾਰਟ ਗਰੁੱਪ ਦੀਆਂ ਕੁੜੀਆਂ ਨੇ ਨਿ੍ਤ ਕਲਾ ਦੇ ਜੌਹਰ ਦਿਖਾਏ ਅਤੇ ਸਕਾਟਲੈਂਡ ਦੀਆਂ ਪੰਜਾਬਣਾਂ ਨੇ ਲੋਕ ਨਾਚ ਗਿੱਧਾ ਪੇਸ਼ ਕਰਕੇ ਖੂਬ ਵਾਹ ਵਾਹੀ ਖੱਟੀ | ਪੰਜਾਬੀ ਸਾਹਿਤ ਸਭਾ ਵੱਲੋਂ ਵਿਸ਼ੇਸ਼ ਤੌਰ ਸੱਦੇ ਗਏ ਜਾਦੂਗਰ ਨੇ ਆਪਣੇ ਹੈਰਾਨੀਜਨਕ ਜਾਦੂ ਨਾਲ ਦਰਸ਼ਕਾਂ ਨੂੰ ਦੰਦਾਂ ਹੇਠਾਂ ਉਂਗਲਾਂ ਲੈਣ ਲਈ ਮਜਬੂਰ ਕੀਤਾ | ਪਰੋਗਰਾਮ ਦੇ ਅੰਤ ਵਿੱਚ ਪੰਜਾਬੀ ਸਾਹਿਤ ਸਭਾ ਦੇ ਸੈਕਟਰੀ ਅਮਨਦੀਪ ਸਿੰਘ ਅਮਨ ਨੇ ਆਏ ਹੋਏ ਦਰਸ਼ਕਾਂ ਦਾ ਅਤੇ 80 ਦੇ ਕਰੀਬ ਕਲਾਕਾਰਾਂ ਦਾ ਧੰਨਵਾਦ ਕੀਤਾ | ਪੰਜਾਬੀ ਸਾਹਿਤ ਸਭਾ ਦੇ ਉਪਰਾਲੇ ਨਾਲ ਇਹ ਵਿਸਾਖੀ ਪ੍ਰੋਗਰਾਮ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਅਮਿੱਟ ਛਾਪ ਛੱਡ ਗਿਆ ਅਤੇ ਵਤਨ ਪੰਜਾਬ ਦੀ ਯਾਦ ਤਾਜ਼ਾ ਕਰਵਾ ਗਿਆ | ਸਟੇਜ ਸੰਚਾਲਕ ਦੀ ਭੂਮਿਕਾ ਰੂਪਾ ਦਿਲਬਰ ਅਤੇ ਦੁਪਿੰਦਰ ਕੌਰ ਨੇ ਵਾਖੂਬੀ ਨਿਭਾਈ | ਇਸ ਸਮੇਂ ਸਭਾ ਦੇ ਮੈਂਬਰ ਕਮਲਜੀਤ ਮਿਨਹਾਸ, ਤਰਲੋਚਨ ਮੁਠੱਡਾ, ਅਮਰ ਮੀਨੀਆਂ, ਜਗਦੀਸ਼ ਸਿੰਘ, ਸੁਖਦੇਵ ਰਾਹੀ, ਦਲਜੀਤ ਕੌਰ ਦਿਲਬਰ, ਸਰਬਜੀਤ ਮਿਨਹਾਸ, ਡਾ: ਇੰਦਰਜੀਤ ਸਿੰਘ, ਕਰਮਜੀਤ ਭੱਲਾ ਅਤੇ ਇੰਦਰਜੀਤ ਲੀਡਰ ਆਦਿ ਮੌਜੂਦ ਸਨ |