06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਾਊਥ ਆਸਟਰੇਲੀਆ ਦੀ ਸੰਸਦ 'ਚ ਵਿਸਾਖੀ ਦੀਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 15-05-2026

ਐਡੀਲੇਡ, 14 ਮਈ (ਗੁਰਮੀਤ ਸਿੰਘ ਵਾਲੀਆ)-ਸਾਊਥ ਆਸਟਰੇਲੀਆ ਦੀ ਸੰਸਦ 'ਚ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਕਿਸਾਨੀ ਨਾਲ ਜੁੜੇ ਮਹਾਨ ਤਿਉਹਾਰ ਵਿਸਾਖੀ ਨੂੰ ਸਮਰਪਿਤ ਇਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਉਤਸ਼ਾਹ ਤੇ ਧਾਰਮਿਕ ਰੂਹਾਨੀ ਮਾਹੌਲ ਵਿਚ ਕਰਵਾਇਆ ਗਿਆ | ਇਹ ਸਮਾਗਮ ਸੂਬੇ ਦੀ ਮਲਟੀਕਲਚਰਲ ਮੰਤਰੀ ਨਾਡੀਆ ਕਲੈਂਸੀ ਤੇ ਲੇਬਰ ਆਗੂ ਅਮਰਜੀਤ ਸਿੰਘ ਗਰੇਵਾਲ, ਡਿਪਟੀ ਚੇਅਰ ਸਾਊਥ ਆਸਟਰੇਲੀਆਨ ਮਲਟੀਕਲਚਰਲ ਕਮਿਸ਼ਨ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ, ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸਰਕਾਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਵਿਸਾਖੀ ਦੇ ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਮਹੱਤਵ 'ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਬੁਲਾਰਿਆਂ ਨੇ ਕਿਹਾ ਕਿ ਵਿਸਾਖੀ ਸਿਰਫ਼ ਫਸਲਾਂ ਦੇ ਤਿਉਹਾਰ ਤੱਕ ਸੀਮਿਤ ਨਹੀਂ, ਸਗੋਂ 1699 'ਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਨਾਲ ਜੁੜਿਆ ਉਹ ਮਹਾਨ ਦਿਹਾੜਾ ਹੈ ਜਿਸ ਨੇ ਮਨੁੱਖਤਾ ਨੂੰ ਬਰਾਬਰੀ, ਸੇਵਾ, ਹਿੰਮਤ ਤੇ ਇਨਸਾਫ਼ ਦਾ ਸੰਦੇਸ਼ ਦਿੱਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬੀ ਭਾਈਚਾਰੇ ਵੱਲੋਂ ਆਸਟਰੇਲੀਆ ਦੀ ਤਰੱਕੀ, ਬਹੁ-ਸੱਭਿਆਚਾਰਕ ਸਮਾਜ ਦੀ ਮਜ਼ਬੂਤੀ ਅਤੇ ਸਮਾਜਿਕ ਸੇਵਾਵਾਂ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ | 'ਸੋਨ ਚਿੜੀ' ਪੰਜਾਬੀ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਵਿਸਾਖੀ ਨਾਲ ਸਬੰਧਤ ਰੰਗਾਰੰਗ ਪੇਸ਼ਕਾਰੀਆਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ | ਬੱਚਿਆਂ ਨੇ ਪੰਜਾਬੀ ਸੱਭਿਆਚਾਰ, ਲੋਕ ਨਾਚ, ਬੋਲੀਆਂ ਅਤੇ ਰਵਾਇਤੀ ਵਿਰਸੇ ਦੀ ਬਹੁਤ ਹੀ ਸੁੰਦਰ ਅਤੇ ਕਲਾਤਮਕ ਢੰਗ ਨਾਲ ਪੇਸ਼ਕਾਰੀ ਕਰਦਿਆਂ ਸਭ ਤੋਂ ਵਾਹ-ਵਾਹ ਖੱਟੀ | ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਵਿਦੇਸ਼ੀ ਧਰਤੀ 'ਤੇ ਪੰਜਾਬੀ ਮਾਂ-ਬੋਲੀ ਤੇ ਸੱਭਿਆਚਾਰ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ | ਸਮਾਗਮ ਵਿਚ ਸਹਾਇਕ ਮੰਤਰੀ ਲਾਰੈਂਸ ਬੈਨ ਅਤੇ ਟੋਰੇਂਸ ਤੋਂ ਮੈਂਬਰ ਮੀਗਨ ਸਪੈਂਸਰ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪੰਜਾਬੀ ਭਾਈਚਾਰਾ ਸਾਊਥ ਆਸਟਰੇਲੀਆ ਦੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵੱਖ-ਵੱਖ ਭਾਈਚਾਰਿਆਂ ਵਿਚ ਆਪਸੀ ਸਾਂਝ, ਪਿਆਰ ਤੇ ਮਿਲਵਰਤਣ ਨੂੰ ਹੋਰ ਮਜ਼ਬੂਤ ਕਰਦੇ ਹਨ | ਸਮਾਗਮ ਦੌਰਾਨ ਹਾਜ਼ਰੀਨ ਵਿੱਚ ਵਿਸਾਖੀ ਪ੍ਰਤੀ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਪੂਰਾ ਮਾਹੌਲ ਪੰਜਾਬੀਅਤ ਤੇ ਖਾਲਸਾਈ ਰੰਗ ਵਿਚ ਰੰਗਿਆ ਨਜ਼ਰ ਆਇਆ | ਇਹ ਸਮਾਗਮ ਸਿਰਫ਼ ਇਕ ਧਾਰਮਿਕ ਜਾਂ ਸੱਭਿਆਚਾਰਕ ਇਕੱਠ ਹੀ ਨਹੀਂ ਸਗੋਂ ਸਾਊਥ ਆਸਟਰੇਲੀਆ ਦੇ ਬਹੁ-ਸੱਭਿਆਚਾਰਕ ਤਾਨੇਬਾਨੇ ਵਿਚ ਪੰਜਾਬੀ ਭਾਈਚਾਰੇ ਦੀ ਮਜ਼ਬੂਤ ਪਹਿਚਾਣ ਦਾ ਪ੍ਰਤੀਕ ਬਣ ਕੇ ਨਿਬੜਿਆ | ਸੂਬੇ ਦੀ ਮਲਟੀਕਲਚਰਲ ਮੰਤਰੀ ਨਾਡੀਆ ਕਲੈਂਸੀ ਤੇ ਲੇਬਰ ਆਗੂ ਅਮਰਜੀਤ ਸਿੰਘ ਗਰੇਵਾਲ, ਡਿਪਟੀ ਚੇਅਰ ਸਾਊਥ ਆਸਟ੍ਰੇਲੀਆ ਵਲੋਂ ਸੂਬੇ ਦੀ ਮਲਟੀਕਲਚਰਲ ਮੰਤਰੀ ਨਾਡੀਆ ਕਲੈਂਸੀ ਦਾ ਵਿਸਾਖੀ ਸਮਾਗਮ ਪਾਰਲੀਮੈਂਟ 'ਚ ਕਰਵਾਇਆ ਤੇ ਵੱਡੇ ਪੱਧਰ 'ਤੇ ਪ੍ਰਮੁੱਖ ਸ਼ਖਸੀਅਤਾਂ ਦੇ ਪਹੁੰਚਣ ਤੇ ਧੰਨਵਾਦ ਕਰਦਿਆਂ ਜੀ ਆਇਆਂ ਆਖਿਆ |
Ad Position 22
No active advertisement
ਪਿਛਲੀ ਖ਼ਬਰ ਸਕਾਟਿਸ਼ ਪਾਰਲੀਮੈਂਟ ਲਈ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਅਗਲੀ ਖ਼ਬਰ ਵੈਭਵ ਸੂਰਿਆਵੰਸ਼ੀ ਦੀ ਭਾਰਤੀ 'ਏ' ਟੀਮ ਲਈ ਚੋਣ
Ad Position 24