ਐਡੀਲੇਡ, 22 ਮਈ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਮਾਨਮ ਇਲਾਕੇ 'ਚ ਮਰੇ ਨਦੀ 'ਤੇ ਹੋਏ ਭਿਆਨਕ ਕਿਸ਼ਤੀ ਹਾਦਸੇ ਮਾਮਲੇ 'ਚ 44 ਸਾਲਾ ਐਮੀ ਲੋਹਫ ਨੂੰ ਜ਼ਿਲ੍ਹਾ ਅਦਾਲਤ ਵੱਲੋਂ 2 ਸਾਲ 8 ਮਹੀਨੇ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ | ਅਦਾਲਤ ਵਿਚ ਪਹਿਲਾਂ ਹੀ ਦੋਸ਼ ਕਬੂਲ ਕਰ ਚੁੱਕੀ ਲੋਹਫ ਨੇ 26 ਜਨਵਰੀ 2025 ਨੂੰ ਨਸ਼ੇ ਦੀ ਹਾਲਤ 'ਚ ਕਿਸ਼ਤੀ ਚਲਾਉਂਦਿਆਂ ਤੈਰ ਰਹੀ ਇਕ ਨੌਜਵਾਨ ਔਰਤ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ | ਜੱਜ ਹੀਥ ਬਾਰਕਲੇ ਨੇ ਕਿਹਾ ਕਿ ਘਟਨਾ ਸਮੇਂ ਲੋਹਫ ਦੀ ਬਲੱਡ ਅਲਕੋਹਲ ਰੀਡਿੰਗ ਕਾਨੂੰਨੀ ਹੱਦ ਤੋਂ ਤਿੰਨ ਗੁਣਾ ਵੱਧ 0.17 ਸੀ, ਜਿਸ ਕਾਰਨ ਉਸਦੀ ਫੈਸਲਾ ਕਰਨ ਅਤੇ ਪ੍ਰਤੀਕਿਰਿਆ ਦੇਣ ਦੀ ਸਮਰੱਥਾ ਬਹੁਤ ਪ੍ਰਭਾਵਿਤ ਹੋਈ |ਅਦਾਲਤ ਨੂੰ ਦੱਸਿਆ ਗਿਆ ਕਿ ਕਿਸ਼ਤੀ ਦੋ ਵਾਟਰ-ਸਕੀਰਾਂ ਨੂੰ ਖਿੱਚ ਰਹੀ ਸੀ ਜਦੋਂ ਇਹ ਨਦੀ ਕੰਢੇ ਕੋਲ ਤੈਰ ਰਹੇ ਲੋਕਾਂ ਵੱਲ ਮੁੜ ਗਈ | ਪੀੜਤ ਔਰਤ ਕਿਸ਼ਤੀ ਦੇ ਪ੍ਰੋਪੈਲਰ ਨਾਲ ਟਕਰਾਈ ਅਤੇ ਉਸਨੂੰ ਗੰਭੀਰ ਸੱਟਾਂ ਲੱਗੀਆਂ | ਜੱਜ ਨੇ ਕਿਹਾ ਕਿ ਇਹ ਚਮਤਕਾਰ ਤੋਂ ਘੱਟ ਨਹੀਂ ਕਿ ਉਹ ਬਚ ਗਈ |ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਲੋਹਫ ਅਤੇ ਉਸਦੇ ਸਾਥੀਆਂ ਨੇ ਘਟਨਾ ਤੋਂ ਪਹਿਲਾਂ ਸ਼ੈਂਪੀਅਨ ਦੀਆਂ ਕਈ ਬੋਤਲਾਂ ਪੀਤੀਆਂ ਸਨ | ਹਾਦਸੇ ਤੋਂ ਬਾਅਦ ਵੀ ਲੋਹਫ ਨੂੰ ਤੁਰੰਤ ਅਹਿਸਾਸ ਨਹੀਂ ਹੋਇਆ ਕਿ ਕਿਸੇ ਨੂੰ ਟੱਕਰ ਲੱਗੀ ਹੈ | ਜੱਜ ਨੇ ਕਿਹਾ ਕਿ ਦੋਸ਼ੀ ਆਪਣੇ ਕੀਤੇ 'ਤੇ ਪਛਤਾਵਾ ਕਰਦੀ ਹੈ, ਪਰ ਨਸ਼ੇ ਵਿੱਚ ਕਿਸ਼ਤੀ ਚਲਾਉਣ ਦਾ ਫੈਸਲਾ ਬਹੁਤ ਖ਼ਤਰਨਾਕ ਸੀ | ਅਦਾਲਤ ਨੇ ਲੋਹਫ ਨੂੰ ਦੋ ਸਾਲ, ਅੱਠ ਮਹੀਨੇ ਅਤੇ 13 ਦਿਨ ਦੀ ਸਜ਼ਾ ਸੁਣਾਈ ਹੈ, ਜਦਕਿ ਉਹ ਅਗਲੇ ਸਾਲ ਸਤੰਬਰ ਵਿੱਚ ਪੈਰੋਲ ਲਈ ਯੋਗ ਹੋਵੇਗੀ |