ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ 3 ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਰਿਪਬਲਿਕਨ ਪ੍ਰਤੀਨਿਧ ਨੈਨਸੀ ਮੇਸ ਵਲੋਂ ਪੇਸ਼ ਕੀਤੀ ਉਸ ਪ੍ਰਸਤਾਵਿਤ ਸੰਵਿਧਾਨਕ ਸੋਧ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਜਿਸ 'ਚ ਕਿਹਾ ਗਿਆ ਕਿ ਅਮਰੀਕਾ ਤੋਂ ਬਾਹਰ ਪੈਦਾ ਹੋਏ ਵਿਅਕਤੀਆਂ 'ਤੇ ਕਾਂਗਰਸ, ਸੰਘੀ ਨਿਆਂਪਾਲਿਕਾ ਤੇ ਸੈਨਟ ਵਲੋਂ ਪੁਸ਼ਟੀ ਵਾਲੇ ਅਹੁਦਿਆਂ 'ਤੇ ਕੰਮ ਕਰਨ ਉੱਪਰ ਰੋਕ ਲਾਈ ਜਾਵੇ | ਡੈਮੋਕਰੈਟਿਕ ਪ੍ਰਤੀਨਿਧ ਭਾਰਤੀ ਮੂਲ ਦੇ ਪ੍ਰਾਮਿਲਾ ਜਯਾਪਾਲ, ਰਾਜਾ ਕਿਸ਼ਨਾਮੂਰਤੀ ਤੇ ਸ੍ਰੀ ਥਾਨੇਦਾਰ ਜੋ ਅਮਰੀਕਾ ਤੋਂ ਬਾਹਰ ਪੈਦਾ ਹੋਏ ਸਨ ਤੇ ਬਾਅਦ ਵਿਚ ਅਮਰੀਕੀ ਨਾਗਰਿਕ ਬਣੇ ਸਨ, ਨੇ ਇਸ ਪ੍ਰਸਤਾਵਿਤ ਸੋਧ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਅਮਰੀਕੀ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵਿਤ ਸੋਧ ਇਮੀਗ੍ਰੇਸ਼ਨ ਤੇ ਨਾਗਰਿਕਤਾ ਬਾਰੇ ਅਮਰੀਕੀ ਆਦਰਸ਼ਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ | ਕਿ੍ਸ਼ਨਾਮੂਰਤੀ ਨੇ ਕਿਹਾ ਕਿ ਮੇਸ ਦੀ ਤਜਵੀਜ਼ ਅਮਰੀਕੀ ਸਿਧਾਂਤਾਂ ਨਾਲ ਗ਼ੱਦਾਰੀ ਹੈ ਜਿਨ੍ਹਾਂ ਸਿਧਾਂਤਾਂ ਕਰਕੇ ਅਮਰੀਕੀ ਲੋਕਤੰਤਰ ਦੀ ਵਿਸ਼ਵ ਵਿਚ ਪਛਾਣ ਹੈ | ਕਿ੍ਸ਼ਨਾਮੂਰਤੀ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਬਿਆਨ ਦਾ ਹਵਾਲਾ ਦਿੱਤਾ ਜਿਨ੍ਹਾਂ ਨੇ ਕਿਹਾ ਸੀ ਕਿ ਵਿਸ਼ਵ ਦੇ ਕਿਸੇ ਵੀ ਕੋਨੇ ਵਿਚੋਂ ਕੋਈ ਵੀ ਵਿਅਕਤੀ ਅਮਰੀਕਾ ਆ ਸਕਦਾ ਹੈ ਤੇ ਇਸ ਦਾ ਨਾਗਰਿਕ ਬਣ ਸਕਦਾ ਹੈ | ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਕਿਹਾ ਕਿ ਦੇਸ਼ ਭਗਤੀ ਜਨਮ ਸਥਾਨ ਤੋਂ ਨਹੀਂ ਬਲਕਿ ਕਰਮਾਂ ਤੋਂ ਨਾਪੀ ਜਾਂਦੀ ਹੈ | ਜਯਾਪਾਲ ਜੋ ਭਾਰਤ ਵਿਚ ਪੈਦਾ ਹੋਈ ਸੀ ਤੇ 2000 ਵਿਚ ਅਮਰੀਕੀ ਨਾਗਰਿਕ ਬਣੀ ਸੀ, ਨੇ ਪ੍ਰਸਤਾਵਿਤ ਸੋਧ ਨੂੰ ਨਸਲੀ ਕਰਾਰ ਦਿੰਦਿਆਂ ਕਿਹਾ ਕਿ ਇਸ ਦੁਆਰਾ ਦੇਸ਼ ਦੀ ਪ੍ਰਵਾਸ ਸਬੰਧੀ ਵਿਰਾਸਤ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ |