ਟੋਰਾਂਟੋ, 25 ਮਈ (ਇੰਟ.)-ਪੀਲ ਰੀਜਨਲ ਪੁਲਿਸ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ 'ਫਾਰ ਬ੍ਰਦਰਜ਼' ਨਾਮਕ ਸਮੂਹ ਨਾਲ ਜੁੜੇ ਇਕ ਹਿੰਸਕ ਅੰਤਰਰਾਸ਼ਟਰੀ ਜਬਰੀ ਵਸੂਲੀ ਦੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 17 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ 'ਤੇ ਜਬਰੀ ਵਸੂਲੀ ਸਮੇਤ ਕੁੱਲ 106 ਅਪਰਾਧਿਕ ਦੋਸ਼ ਲਗਾਏ ਗਏ ਹਨ ਤੇ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਚੋਂ ਕੋਈ ਵੀ ਕੈਨੇਡੀਅਨ ਨਹੀਂ ਹੈ ਤੇ ਸੂਚੀ ਤੋਂ ਪਤਾ ਚੱਲਦਾ ਹੈ ਕਿ ਉਹ ਸਾਰੇ ਪੰਜਾਬੀ ਹਨ | ਜਿਨ੍ਹਾਂ ਦੀ ਪਛਾਣ ਇਕਬਾਲ ਸਿੰਘ ਭਾਗਰੀਆ (25), ਰਵਿੰਦਰ ਸਿੰਘ (25), ਦਿਲਾਵਰਪ੍ਰੀਤ ਸਿੰਘ (26) ਪ੍ਰਭਦੀਪ ਸੋਹਲ (22), ਅਜੈਦੀਪ ਸਿੰਘ (29), ਰਾਜਨ ਸਿੰਘ (28), ਅਕਾਸ਼ਦੀਪ ਸਿੰਘ (24), ਜਸ਼ਨਬੀਰ ਸਿੰਘ (21), ਪ੍ਰਤਾਪਬੀਰ ਘੁੰਮਣ (22), ਨਵਰੂਪ ਸਿੰਘ (24), ਮਹਿੰਦਰ ਸਿੰਘ (30), ਮਨਦੀਪ ਸਿੰਘ (21), ਅੰਮਿ੍ਤਜੋਤ ਸਿੰਘ (22), ਜਸ਼ਨਪ੍ਰੀਤ ਸਿੰਘ (22), ਗੁਨੀਤ (27), ਸੁਖਵਿੰਦਰ ਸਿੰਘ (32), ਗੌਤਮ (22) ਵਜੋਂ ਹੋਈ ਹੈ | 'ਫਾਰ ਬ੍ਰਦਰਜ਼' ਨੇ ਪੂਰੇ ਖੇਤਰ, ਕੈਨੇਡਾ ਤੇ ਅਮਰੀਕਾ 'ਚ ਦੱਖਣੀ ਏਸ਼ੀਆਈ ਕਾਰੋਬਾਰੀ ਮਾਲਕਾਂ ਤੇ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ | ਮੰਨਿਆ ਜਾਂਦਾ ਹੈ ਕਿ ਉਹ ਬ੍ਰੈਂਪਟਨ, ਮਿਸੀਸਾਗਾ, ਕੈਲੇਡਨ ਤੇ ਬਿ੍ਟਿਸ਼ ਕੋਲੰਬੀਆ 'ਚ ਸਰਗਰਮ ਸਨ, ਜਿਨ੍ਹਾਂ ਦੇ ਸਬੰਧ ਕੈਲੀਫੋਰਨੀਆ ਨਾਲ ਸਨ | ਜਾਂਚ ਦਸੰਬਰ 2025 'ਚ ਸ਼ੁਰੂ ਹੋਈ ਕਿਉਂਕਿ ਰੈਸਟੋਰੈਂਟਾਂ ਤੇ ਟਰੱਕਿੰਗ ਕੰਪਨੀਆਂ ਸਮੇਤ ਕਈ ਕਾਰੋਬਾਰਾਂ ਨੂੰ ਜਬਰੀ ਵਸੂਲੀ ਲਈ ਨਿਸ਼ਾਨਾ ਬਣਾਇਆ ਗਿਆ ਸੀ | ਇਹ 17 ਦੋਸ਼ੀ 24 ਘਟਨਾਵਾਂ ਨਾਲ ਜੁੜੇ ਹੋਏ ਹਨ | ਉਨ੍ਹਾਂ ਵਿੱਚੋਂ, ਜਾਂਚਕਰਤਾਵਾਂ ਨੇ ਫਾਰ ਬ੍ਰਦਰਜ਼ ਨਾਲ ਜੁੜੀਆਂ 16 ਹਿੰਸਕ ਘਟਨਾਵਾਂ ਨੂੰ ਜੋੜਿਆ | ਪੁਲਿਸ ਅਨੁਸਾਰ 6 ਵਿਅਕਤੀਆਂ ਨੂੰ ਇਮੀਗ੍ਰੇਸ਼ਨ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਜਾਂਚ ਦÏਰਾਨ, ਪੁਲਿਸ ਨੇ 6 ਹਥਿਆਰ, ਗੈਰ-ਕਾਨੂੰਨੀ ਨਸ਼ੀਲੇ ਪਦਾਰਥ, ਕਈ ਮੋਬਾਈਲ ਫੋਨ, ਸਿਮ ਕਾਰਡ ਤੇ ਜਾਅਲੀ ਪਛਾਣ ਦਸਤਾਵੇਜ਼ ਵੀ ਜ਼ਬਤ ਕੀਤੇ ਹਨ |