ਲੰਡਨ, 25 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਇਸ ਸਾਲ ਗਰਮੀ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤੀ ਹੈ | ਸੋਮਵਾਰ ਨੂੰ ਮਈ ਮਹੀਨੇ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ, ਜਿੱਥੇ ਪਾਰਾ 33.5 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਗਿਆ | ਇਸ ਨਾਲ ਸਾਲ 1944 ਤੋਂ ਚੱਲਿਆ ਆ ਰਿਹਾ 82 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ | ਮੌਸਮ ਵਿਭਾਗ ਮੁਤਾਬਕ, ਇਸ ਤੋਂ ਪਹਿਲਾਂ ਯੂ.ਕੇ. 'ਚ ਮਈ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਮਈ 1944 'ਚ 32.8 ਸੈਲਸੀਅਸ ਦਰਜ ਕੀਤਾ ਗਿਆ ਸੀ | ਅੱਜ ਸੋਮਵਾਰ ਨੂੰ ਪਈ ਅਸਾਧਾਰਨ ਗਰਮੀ ਨੇ ਉਸ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ | ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਕੁਝ ਘੰਟਿਆਂ 'ਚ ਤਾਪਮਾਨ ਅਜੇ ਹੋਰ ਉੱਪਰ ਜਾ ਸਕਦਾ ਹੈ, ਜਿਸ ਕਾਰਨ ਇਹ 'ਮਈ ਬੈਂਕ ਹਾਲੀਡੇ' ਯੂ.ਕੇ. ਦੇ ਇਤਿਹਾਸ ਦਾ ਸਭ ਤੋਂ ਉਬਾਲੇ ਖਾਂਦਾ ਲੰਬਾ ਹਫ਼ਤਾ ਸਾਬਤ ਹੋ ਰਿਹਾ ਹੈ | ਗਰਮੀ ਦੇ ਇਸ ਅਚਾਨਕ ਵਧੇ ਪ੍ਰਕੋਪ ਨੂੰ ਦੇਖਦੇ ਹੋਏ ਯੂ.ਕੇ. ਹੈਲਥ ਸਿਕਊਰਿਟੀ ਏਜੰਸੀ ਨੇ ਦੇਸ਼ ਵਿਚ 'ਅੰਬਰ ਹੀਟ-ਹੈਲਥ ਐਲਰਟ' ਜਾਰੀ ਕਰ ਦਿੱਤਾ ਹੈ | ਵਿਭਾਗ ਨੇ ਚੇਤਾਵਨੀ ਜਾਰੀ ਕਕਰਦਿਆਂ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਿੱਧੀ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ | ਉਹ ਲੋਕ ਜੋ ਪਹਿਲਾਂ ਹੀ ਸਾਹ ਦੀਆਂ ਬੀਮਾਰੀਆਂ ਜਾਂ ਦਿਲ ਦੇ ਰੋਗਾਂ ਤੋਂ ਪੀੜਤ ਹਨ, ਉਨ੍ਹਾਂ ਲਈ ਇਹ ਮੌਸਮ ਖ਼ਤਰਨਾਕ ਹੋ ਸਕਦਾ ਹੈ | ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੰਨ੍ਹਾ ਹੋ ਸਕੇ ਸਰੀਰ 'ਚ ਪਾਣੀ ਦੀ ਕਮੀ ਨਾ ਹੋਣ ਦਿੱਤੀ ਜਾਵੇ ਤੇ ਲਗਾਤਾਰ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ | ਦੁਪਹਿਰ ਦੇ ਸਮੇਂ ਬਿਨਾਂ ਵਜ੍ਹਾ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ | ਆਪਣੇ ਆਸ-ਪਾਸ ਰਹਿਣ ਵਾਲੇ ਬਜ਼ੁਰਗਾਂ ਤੇ ਇਕੱਲੇ ਰਹਿ ਰਹੇ ਲੋਕਾਂ ਦੀ ਸਿਹਤ ਦਾ ਖ਼ਾਸ ਖਿਆਲ ਰੱਖਿਆ ਜਾਵੇ | ਇਸ ਗਰਮ ਤੇ ਛੁੱਟੀ ਵਾਲੇ ਦਿਨ ਵੱਡੀ ਗਿਣਤੀ 'ਚ ਲੋਕ ਸਮੁੰਦਰੀ ਤੱਟਾਂ ਤੇ ਪਹੁੰਚੇ ਹੋਏ ਹਨ |