ਲੰਡਨ, 7 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਤੇ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ ਸਿੱਖਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ 'ਚ ਯੂ.ਕੇ. ਭਰ ਤੋਂ ਸਿੱਖ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਵਿਸ਼ਵ ਭਰ ਦੇ ਲੋਕਾਂ ਅਤੇ ਸਰਕਾਰਾਂ ਨੂੰ ਸੁਨੇਹਾ ਦਿੱਤਾ ਕਿ 42 ਸਾਲ ਬਾਅਦ ਵੀ ਸਿੱਖਾਂ ਦੇ ਜ਼ਖ਼ਮਾਂ ਨੂੰ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਸਿੱਖ ਕੌਮ ਅਜੇ '84 ਭੁੱਲੀ ਨਹੀਂ ਹੈ | ਇਸ ਦੇ ਨਾਲ ਹੀ ਬਰਤਾਨੀਆ ਦੀ ਲੇਬਰ ਸਰਕਾਰ ਨੂੰ ਯਾਦ ਕਰਵਾਇਆ ਕਿ 1984 ਘੱਲੂਘਾਰੇ 'ਚ ਬਰਤਾਨੀਆ ਦੀ ਭੂਮਿਕਾ ਦੀ ਜਨਤਕ ਜਾਂਚ ਸ਼ੁਰੂ ਕੀਤੀ ਜਾਵੇ, ਜਿਸ ਤਰ੍ਹਾਂ ਪਹਿਲਾਂ ਵਾਅਦੇ ਕੀਤੇ ਗਏ ਸਨ | ਸਿੱਖ ਆਗੂਆਂ ਨੇ ਬਰਤਾਨੀਆ ਦੀ ਲੇਬਰ ਸਰਕਾਰ ਦੀ ਚੁੱਪ 'ਤੇ ਸਵਾਲ ਚੁੱਕੇ | ਹਜ਼ਾਰਾਂ ਸਿੱਖ ਸਵੇਰੇ ਵਿਲਿੰਗਟਨ ਆਰਚ ਵਿਖੇ ਇਕੱਠੇ ਹੋਣੇ ਸ਼ੁਰੂ ਹੋਏ ਤੇ ਦੁਪਹਿਰ ਤੋਂ ਬਾਅਦ ਲੰਡਨ ਦੀਆਂ ਸੜਕਾਂ ਤੋਂ ਮਾਰਚ ਕਰਦਿਆਂ ਟ੍ਰਾਫਾਲਗਰ ਸਕੁਏਅਰ ਪਹੁੰਚੇ | ਜਿੱਥੇ ਇਨਸਾਫ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਿੱਖਾਂ ਨਾਲ ਭਾਰਤ 'ਚ ਅਜ਼ਾਦੀ ਤੋਂ ਬਾਅਦ ਹੋਈਆਂ ਵਧੀਕੀਆਂ ਤੇ ਸਭ ਤੋਂ ਵੱਡੀ ਬੇਇਨਸਾਫ਼ੀ '84 ਦੇ ਘੱਲੂਘਾਰੇ ਤੇ ਸਿੱਖ ਨਸਲਕੁਸ਼ੀ ਦਾ ਹੁਣ ਤੱਕ ਇਨਸਾਫ ਨਾ ਦਿੱਤੇ ਜਾਣ ਬਾਰੇ ਵਿਚਾਰ ਪ੍ਰਗਟ ਕੀਤੇ | ਰੋਸ ਪ੍ਰਦਰਸ਼ਨ 'ਚ ਸਾਊਥਾਲ, ਬਰਮਿੰਘਮ, ਕਵੈਂਟਰੀ, ਡਰਬੀ, ਇਲਫੋਰਡ ਤੇ ਵੁਲਵਰਹੈਂਪਟਨ, ਸਲੋਹ ਆਦਿ ਸ਼ਹਿਰਾਂ ਤੋਂ ਹਜ਼ਾਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ | ਰੋਸ ਰੈਲੀ ਨੂੰ ਐਫ.ਐਸ.ਓ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਜੱਸ ਸਿੰਘ, ਅਮਰੀਕ ਸਿੰਘ ਸਹੋਤਾ, ਕੁਲਵੰਤ ਸਿੰਘ ਮੁਠੱਡਾ, ਭਾਈ ਹਰਦੀਸ਼ ਸਿੰਘ, ਤਰਸੇਮ ਸਿੰਘ ਦਿਓਲ, ਜਸਪਾਲ ਸਿੰਘ ਬੈਂਸ ਆਦਿ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਇਸ ਮੌਕੇ ਭਾਈ ਹਰਜੀਤ ਸਿੰਘ ਸਰਪੰਚ, ਜਤਿੰਦਰ ਸਿੰਘ ਬਾਸੀ, ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ |