ਲੰਡਨ, 11 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਤਰੀ ਆਇਰਲੈਂਡ ਦੀ ਰਾਜਧਾਨੀ ਬੈਲਫਾਸਟ ਵਿਚ ਇਕ ਸੁਡਾਨ ਮੂਲ ਦੇ ਸ਼ਰਨਾਰਥੀ ਵੱਲੋਂ ਸਟੀਫਨ ਓਗਿਲਵੀ ਨਾਮ ਦੇ ਇੱਕ ਵਿਅਕਤੀ ਤੇ ਕੀਤੇ ਕਾਤਲਾਨਾ ਹਮਲੇ ਤੋਂ ਬਾਅਦ ਭੜਕੀ ਹਿੰਸਾ ਹੁਣ ਤੱਕ ਜਾਰੀ ਹੈ | ਲੋਕਾਂ ਦੀ ਸੁਰੱਖਿਆ ਨੁੰ ਮੱਦੇ ਨਜ਼ਰ ਰੱਖਦੇ ਹੋਏ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ | ਪੁਲਿਸ ਨੇ ਲਗਾਤਾਰ ਦੂਜੀ ਰਾਤ ਹੋਈ ਹਿੰਸਾ ਅਤੇ ਗੜਬੜੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵਿਰੁੱਧ ਸਖ਼ਤ ਜਵਾਬੀ' ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ | ਸਹਾਇਕ ਚੀਫ਼ ਕਾਂਸਟੇਬਲ ਰਿਆਨ ਹੈਂਡਰਸਨ ਨੇ ਦੱਸਿਆ ਕਿ ਇਲਾਕੇ ਵਿੱਚ ਵਾਧੂ ਪੁਲਿਸ ਮੁਲਾਜ਼ਮ ਅਤੇ ਪੁਲਿਸ ਕੁੱਤਿਆਂ ਦੇ ਦਸਤੇ ਤਾਇਨਾਤ ਕੀਤੇ ਜਾ ਰਹੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਹਿੰਸਾ ਪਿੱਛੇ ਮੌਜੂਦ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ ਅਤੇ ਇਨਸਾਫ਼ ਯਕੀਨੀ ਬਣਾਇਆ ਜਾਵੇਗਾ | ਪੁਲਿਸ ਦੀ ਇਹ ਚੇਤਾਵਨੀ ਬੇਲਫਾਸਟ ਵਿੱਚ ਹੋਏ ਇੱਕ ਗੰਭੀਰ ਚਾਕੂ ਹਮਲੇ ਤੋਂ ਬਾਅਦ ਭੜਕੇ ਦੰਗਿਆਂ ਦੇ ਸਬੰਧ ਵਿੱਚ ਆਈ ਹੈ | ਦੰਗਿਆਂ ਦੀ ਦੂਜੀ ਰਾਤ ਹੋਈ ਹਿੰਸਾ ਦੌਰਾਨ 12 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਅਤੇ ਹੁਣ ਤੱਕ 16 ਲੋਕਾਂ ਨੂੰ ਗਿ੍ਫਤਾਰ ਕੀਤਾ ਜਾ ਚੁੱਕਾ ਹੈ | ਉੱਤਰੀ ਆਇਰਲੈਂਡ ਦੇ ਸੈਕਟਰੀ ਹਿਲੇਰੀ ਬੈਨ ਨੇ ਕਿਹਾ ਕਿ ਇਸ ਹਿੰਸਾ ਤੋਂ ਬਾਅਦ ਨਸਲੀ ਘੱਟ-ਗਿਣਤੀ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ | ਇਸੇ ਦੌਰਾਨ ਟ੍ਰੇਡ ਯੂਨੀਅਨ 'ਯੂਨੀਸਨ' ਨੇ ਇੱਕ ਖੌਫ਼ਨਾਕ ਘਟਨਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਚਾਰ ਨਕਾਬਪੋਸ਼ ਮਰਦਾਂ ਵੱਲੋਂ ਇੱਕ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਨਰਸ ਦਾ ਪਿੱਛਾ ਕੀਤਾ ਗਿਆ, ਜਿਸ ਨੂੰ ਆਪਣੀ ਜਾਨ ਬਚਾਉਣ ਲਈ ਅਲਸਟਰ ਹਸਪਤਾਲ ਦੇ ਅੰਦਰ ਭੱਜਣਾ ਪਿਆ | ਸਥਾਨਕ ਨਿਵਾਸੀਆਂ ਨੇ ਕਿਹਾ ਹੈ ਕਿ ਉਹ ਬੀਤੀ ਰਾਤ ਬਹੁਤ ਜ਼ਿਆਦਾ ਡਰੇ ਹੋਏ ਸਨ | ਉਨ੍ਹਾਂ ਨੇ ਖੁਦ ਇੱਕ ਨਕਾਬਪੋਸ਼ ਵਿਅਕਤੀ ਨੂੰ ਆਪਣੀ ਗਲੀ ਵਿੱਚ ਘਰਾਂ ਨੂੰ ਅੱਗ ਲਗਾਉਂਦੇ ਹੋਏ ਦੇਖਿਆ |