ਸਿਡਨੀ, 14 ਜੂਨ (ਹਰਕੀਰਤ ਸਿੰਘ ਸੰਧਰ)-ਪੰਜਾਬੀ ਸਾਹਿਤ ਦੇ ਉੱਘੇ ਕਵੀ, ਚਿੰਤਕ, ਦਾਰਸ਼ਨਿਕ ਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਵ. ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਧੀਅ ਡਾ. ਸਤਵੰਤ ਕੌਰ ਸੱਤੀ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ | ਇਸ ਮੌਕੇ ਸਿਡਨੀ ਦੇ ਗੁਰਦੁਆਰਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ (ਗਲੈਨਵੁੱਡ) ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦੇ ਕੇ ਸੰਗਤਾਂ ਦੇ ਰੂਬਰੂ ਕੀਤਾ ਗਿਆ ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਡਾਇਰੈਕਟਰ ਤੇ ਸਕੱਤਰ ਮਹਿੰਗਾ ਸਿੰਘ ਖੱਖ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਸਾਹਿਬ ਦੀ ਸੰਗਤ ਤੇ ਵਿਚਾਰਧਾਰਾ ਤੋਂ ਉਨ੍ਹਾਂ ਨੂੰ ਜੀਵਨ ਨੂੰ ਸਮਝਣ ਤੇ ਜਿਊਣ ਦੀ ਅਮੋਲਕ ਸੇਧ ਮਿਲੀ | ਉਨ੍ਹਾਂ ਕਿਹਾ ਕਿ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀਆਂ ਰਚਨਾਵਾਂ 'ਝਨਾਂ ਦੀ ਰਾਤ', 'ਸਹਿਜੇ ਰਚਿਓ ਖਾਲਸਾ' ਤੇ ਹੋਰ ਸਾਹਿਤਕ ਕਿਰਤਾਂ ਪੰਜਾਬੀ ਸਾਹਿਤ ਦੀ ਅਨਮੋਲ ਧਰੋਹਰ ਹਨ, ਜਿਨ੍ਹਾਂ ਤੋਂ ਅੱਜ ਵੀ ਖੋਜਾਰਥੀ, ਵਿਦਿਆਰਥੀ ਅਤੇ ਸਾਹਿਤ ਪ੍ਰੇਮੀ ਪ੍ਰੇਰਣਾ ਲੈਂਦੇ ਹਨ | ਆਪਣੇ ਸੰਬੋਧਨ ਦੌਰਾਨ ਡਾ. ਸਤਵੰਤ ਕੌਰ ਸੱਤੀ ਨੇ ਆਪਣੇ ਪਿਤਾ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਜੀਵਨ, ਸਾਹਿਤਕ ਸਫ਼ਰ ਅਤੇ ਸਿੱਖੀ ਪ੍ਰਤੀ ਉਨ੍ਹਾਂ ਦੇ ਅਥਾਹ ਪਿਆਰ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ 1984 ਦੇ ਕਤਲੇਆਮ ਨਾਲ ਸਬੰਧਿਤ ਮਹਿਬੂਬ ਸਾਹਿਬ ਦੀਆਂ ਕੁਝ ਭਾਵਪੂਰਤ ਕਵਿਤਾਵਾਂ ਵੀ ਪੜ੍ਹ ਕੇ ਸੁਣਾਈਆਂ, ਜਿਨ੍ਹਾਂ ਨੇ ਹਾਜ਼ਰ ਸੰਗਤਾਂ ਨੂੰ ਭਾਵੁਕ ਕਰ ਦਿੱਤਾ | ਡਾ. ਸੱਤੀ ਨੇ ਇਹ ਵੀ ਦੱਸਿਆ ਕਿ ਪ੍ਰੋਫੈਸਰ ਮਹਿਬੂਬ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਜੀਵਨੀ 'ਤੇ ਆਧਾਰਿਤ ਪੁਸਤਕ ਡਾਇਰੀ 'ਪ੍ਰਕਾਸ਼ਿਤ' ਕੀਤੀ ਗਈ ਹੈ | ਇਸ ਪੁਸਤਕ ਦੀ ਇਕ ਕਾਪੀ ਗੁਰਦੁਆਰਾ ਸਾਹਿਬ ਦੇ ਪੰਜਾਬੀ ਅਜਾਇਬਘਰ ਨੂੰ ਵੀ ਭੇਟ ਕੀਤੀ ਗਈ | ਸਮਾਗਮ ਦੇ ਅੰਤ 'ਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਮਹਿੰਗਾ ਸਿੰਘ ਖੱਖ, ਹਰਮੀਕ ਸਿੰਘ ਅਤੇ ਸਮੂਹ ਸੰਗਤਾਂ ਨੇ ਡਾ. ਸਤਵੰਤ ਕੌਰ ਸੱਤੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਇਸ ਉਪਰੰਤ ਡਾ ਸਤਵੰਤ ਕੌਰ ਜੀ ਸਿੱਖ ਐਨਜੈਕ ਵਾਰ ਮੋਮੀਰਅਲ 'ਤੇ ਗਏ ਤੇ ਸ਼ਹੀਦਾਂ ਨੂੰ ਫੁੱਲ ਭੇਟ ਕੀਤੇ |
ਡਾ. ਸਤਵੰਤ ਕੌਰ ਮਹਿਬੂਬ ਦਾ ਸਿਡਨੀ ਦੇ ਗੁਰਦੁਆਰਾ ਗਲੈਨਵੁੱਡ ਵਿਖੇ ਵਿਸ਼ੇਸ਼ ਸਨਮਾਨ
ਅਜੀਤ ਡੈਸਕ
15-06-2026