ਵੈਨਕੂਵਰ, 18 ਜੂਨ (ਮਲਕੀਤ ਸਿੰਘ)-ਸਰੀ ਪੁਲਿਸ ਦੇ ਸਾਬਕਾ ਮੁਖੀ ਨੌਰਮ ਲਿਪਿਨਸਕੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੋਈ ਸਰੀ ਪੁਲਿਸ ਬੋਰਡ ਦੀ ਪਹਿਲੀ ਮੀਟਿੰਗ ਹੰਗਾਮੇਦਾਰ ਰਹੀ। ਮੀਟਿੰਗ ਦੌਰਾਨ ਬੋਰਡ ਨੂੰ ਪਾਰਦਰਸ਼ਤਾ ਦੀ ਕਥਿਤ ਘਾਟ ਨੂੰ ਲੈ ਕੇ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਮੀਟਿੰਗ ਵਿੱਚ ਸ਼ਾਮਲ ਲੋਕਾਂ ਅਤੇ ਭਾਈਚਾਰੇ ਦੇ ਕੁਝ ਨੁਮਾਇੰਦਿਆਂ ਨੇ ਦੋਸ਼ ਲਗਾਇਆ ਕਿ ਪੁਲਿਸ ਮੁਖੀ ਦੇ ਅਹੁਦੇ ਤੋਂ ਹਟਾਏ ਜਾਣ ਦੀ ਪ੍ਰਕਿਰਿਆ ਬਾਰੇ ਲੋੜੀਂਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਲੋੜ ਹੈ ਤਾਂ ਜੋ ਲੋਕਾਂ ਦਾ ਭਰੋਸਾ ਬਣਿਆ ਰਹੇ। ਉੱਧਰ, ਪੁਲਿਸ ਬੋਰਡ ਦੇ ਮੈਂਬਰਾਂ ਨੇ ਆਪਣੇ ਫ਼ੈਸਲਿਆਂ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਕਾਨੂੰਨੀ ਅਤੇ ਪ੍ਰਸ਼ਾਸਕੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਜਿੱਥੇ ਸੰਭਵ ਹੋਵੇਗਾ ਉੱਥੇ ਜਨਤਾ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਸਰੀ ਪੁਲਿਸ ਦੀ ਅਗਵਾਈ ਵਿੱਚ ਆਏ ਇਸ ਬਦਲਾਅ ਤੋਂ ਬਾਅਦ ਪੁਲਿਸ ਬੋਰਡ ਦੀ ਕਾਰਗੁਜ਼ਾਰੀ ਅਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਨੂੰ ਲੈ ਕੇ ਸਿਆਸੀ ਅਤੇ ਜਨਤਕ ਪੱਧਰ ‘ਤੇ ਚਰਚਾ ਤੇਜ਼ ਹੋ ਗਈ ਹੈ। ਬੋਰਡ ਵੱਲੋਂ ਅਗਲੇ ਦਿਨਾਂ ਵਿੱਚ ਨਵੇਂ ਪੁਲਿਸ ਮੁਖੀ ਦੀ ਨਿਯੁਕਤੀ ਅਤੇ ਵਿਭਾਗ ਦੇ ਪ੍ਰਬੰਧ ਸਬੰਧੀ ਹੋਰ ਫ਼ੈਸਲੇ ਕੀਤੇ ਜਾਣ ਦੀ ਉਮੀਦ ਹੈ।