ਲੰਡਨ/ਲੈਸਟਰ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ/ ਸੁਖਜਿੰਦਰ ਸਿੰਘ )-ਇੰਗਲੈਂਡ ਦੇ ਬੈਡਫੋਰਡ ‘ਚ ਬੀਤੇ ਕੱਲ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਪੁਲਿਸ ਮੁਤਾਬਕ ਇਸ ਦਰਦਨਾਕ ਹਾਦਸੇ ਵਿਚ ਇਕ ਲੋਕੋ ਪਾਇਲਟ ਦੀ ਮੌਤ ਹੋ ਗਈ ਹੈ, ਜਦਕਿ 99 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 28 ਲੋਕ ਅਜੇ ਵੀ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੀਤੇ ਕੱਲ੍ਹ ਸ਼ਾਮੀਂ ਕਰੀਬ 5:15 ਵਜੇ, ਕੋਰਬੀ ਤੋਂ ਆ ਰਹੀ ਇਕ ਟ੍ਰੇਨ ਉਸੇ ਟ੍ਰੈਕ ਪਟੜੀ ‘ਤੇ ਲੰਡਨ ਸੇਂਟ ਪੈਂਕਰਾਸ ਵੱਲ ਜਾ ਰਹੀ ਨੌਟਿੰਘਮ ਦੀ ਰੇਲ ਗੱਡੀ ਦੇ ਪਿਛਲੇ ਹਿੱਸੇ ਨਾਲ ਜ਼ੋਰ ਨਾਲ ਟਕਰਾ ਗਈ। ਇਸ ਭਿਆਨਕ ਟੱਕਰ ਕਾਰਨ ਰੇਲ ਗੱਡੀ ਦਾ ਇਕ ਡੱਬਾ ਵੀ ਪਟੜੀ ਤੋਂ ਉਤਰ ਗਿਆ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦਾ ਸ਼ਿਕਾਰ ਹੋਏ ਇਕ ਯਾਤਰੀ ਨੇ ਦੱਸਿਆ ਕਿ ਉਸਨੇ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਿਸ ਤੋਂ ਤੁਰੰਤ ਬਾਅਦ ਚੀਕ-ਚਿਹਾੜਾ ਮਚ ਗਿਆ ਤੇ ਲੋਕ ਦਰਦ ਨਾਲ ਕਰਾਹ ਉੱਠੇ। ਇਕ ਹੋਰ ਮੁਸਾਫ਼ਰ ਨੇ ਇਸ ਘਟਨਾ ਨੂੰ ਬੇਹੱਦ ਭਿਆਨਕ ਅਤੇ ਵੱਡੀ ਟੱਕਰ ਵਜੋਂ ਬਿਆਨ ਕੀਤਾ। ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਨੈੱਟਵਰਕ ਰੇਲ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਬਚਾਅ ਅਤੇ ਰਿਕਵਰੀ ਕਾਰਜ ਕਾਫ਼ੀ ਮੁਸ਼ਕਿਲ ਰਹੇ ਹਨ। ਪ੍ਰਧਾਨ ਮੰਤਰੀ ਕੀਰ ਸਟਾਰਮਰ ਤੇ ਟਰਾਂਸਪੋਰਟ ਮੰਤਰੀ ਹੇਡੀ ਅਲੈਗਜ਼ੈਂਡਰ ਨੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਟੱਕਰ ਕਿਵੇਂ ਤੇ ਕਿਨ੍ਹਾਂ ਹਾਲਾਤਾਂ ‘ਚ ਹੋਈ, ਇਸ ਦੀ ਬਾਰੀਕੀ ਅਤੇ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।