ਟੋਰਾਂਟੋ, 28 ਜੂਨ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਬੀਤੇ ਦਿਨੀ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ, ਪਿਤਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਇਸ ਸਮਾਗਮ ਨੂੰ ਕ੍ਰਮਵਾਰ ਦੋ ਤਿੰਨ ਭਾਗਾਂ ਵਿੱਚ ਵੰਡ ਕੇ ਬੜੇ ਸੁਚੱਜੇ ਢੰਗ ਨਾਲ ਤਰਤੀਬ ਦਿੱਤੀ ਜਿਸਦਾ ਪਹਿਲਾ ਹਿੱਸਾ ਪਿਤਾ ਦਿਵਸ ਨੂੰ, ਦੂਜਾ ਹਿੱਸਾ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਦੀ ਗੱਲਬਾਤ ਅਤੇ ਤੀਜੇ ਹਿੱਸੇ ਨੂੰ ਕਵੀ ਦਰਬਾਰ ਵੱਜੋਂ ਰੱਖਿਆ ਗਿਆ।ਸਮਾਗਮ ਦੀ ਸ਼ੁਰੂਆਤ ਸਭਾ ਦੇ ਕਰਨ ਅਜਾਇਬ ਸਿੰਘ ਸੰਘਾਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿਣ ਨਾਲ ਹੋਈ ਉਪਰੰਤ ਉਹਨਾਂ ਪਿਤਾ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਹਰੇਕ ਪਿਤਾ ਕੋਲ ਦੋ ਵੱਡੇ ਹਥਿਆਰ ਹੁੰਦੇ ਹਨ ‘ਥਾਪੜਾ ਅਤੇ ਥੱਪੜ’,ਜੇਕਰ ਬੱਚਾ ਚੰਗਾ ਕੰਮ ਕਰਦਾ ਹੈ ਤਾਂ ਪਿਤਾ ਵੱਲੋਂ ਸ਼ਾਬਾਸ਼ (ਥਾਪੜਾ) ਅਤੇ ਮਾੜੇ ਕੰਮਾਂ ਅਤੇ ਮਾੜੀਆਂ ਆਦਤਾਂ ਤੋਂ ਵਰਜਣ ਲਈ ‘ਥੱਪੜ’ ਦੀ ਵਰਤੋਂ ਕੀਤੀ ਜਾਂਦੀ ਹੈ ਜਿਸਦੀ ਮਨੁੱਖੀ ਜ਼ਿੰਦਗੀ ਵਿਚ ਬਹੁਤ ਅਹਿਮੀਅਤ ਹੁੰਦੀ ਹੈ ਜਿਸਦੇ ਨਾਲ ਜ਼ਿੰਦਗੀ ਸੰਵਰ ਜਾਂਦੀ ਹੈ।ਪਿਤਾ ਬਾਰੇ ਉੱਘੇ ਕਹਾਣੀਕਾਰ ਕੁਲਜੀਤ ਮਾਨ ਨੇ ਆਖਿਆ ਕਿ ਹਰੇਕ ਪਿਤਾ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਹੈ,ਉਹਨਾਂ ਪਿਤਾ ਅਤੇ ਬੱਚਿਆਂ ਦੇ ਸਬੰਧ ਵਿੱਚ ਬਣੀਆਂ ਕਈ ਕਹਾਵਤਾਂ ਵੀ ਸਾਂਝੀਆਂ ਕੀਤੀਆਂ ਅਤੇ ਆਖਿਆ ਕਿ ਪਿਉ ਉਹ ਸ਼ਖ਼ਸ਼ ਹੁੰਦਾ ਹੈ ਜਿਸਦਾ ਪ੍ਰਛਾਵਾਂ ਵੀ ਆਪਣੇ ਬੱਚਿਆਂ ਦੀ ਰੱਖਿਆ ਕਰਦਾ ਹੈ,ਉੱਤੋਂ ਉੱਤੋਂ ਕਠੋਰ ਦਿਸਣ ਵਾਲਾ ਪਿਤਾ,ਪਿਆਰ ਅਤੇ ਮੁਹੱਬਤ ਦੇ ਜ਼ਜ਼ਬਿਆਂ ਨਾਲ ਭਰਿਆ ਹੁੰਦਾ ਹੈ, ਜਦੋਂ ਕਿ ਇਸ ਬਾਰੇ ਸੁਰਿੰਦਰਜੀਤ ਕੌਰ ਨੇ ਆਖਿਆ ਕਿ ਗੁਰਬਾਣੀ ਵਿੱਚ ਵੀ ‘ਪਵਨ ਗੁਰੂ ਪਾਣੀ ਪਿਤਾ’ ਦਾ ਹਵਾਲਾ ਮਨੁੱਖੀ ਜ਼ਿੰਦਗੀ ਬਾਰੇ ਬਹੁਤ ਕੁਝ ਦੱਸ ਦਿੰਦਾ ਹੈ,ਪਿਤਾ ਦਾ ਸੁਭਾਅ ਪਾਣੀ ਵਾਂਗ ਨਿਰਮਲ ਸ਼ਾਂਤ ਅਤੇ ਰਵਾਂਨਗੀ ਵਾਲਾ ਹੁੰਦਾ ਹੈ ਜੋ ਆਪਣੇ ਬੱਚਿਆਂ ਦੀ ਹਰ ਖੁਸ਼ੀ,ਚਾਹਤ ਅਤੇ ਹਰ ਮੰਗ ਦਾ ਕੇਵਲ ਖਿਆਲ ਹੀ ਨਹੀ ਰੱਖਦਾ ਸਗੋਂ ਹਰ ਇੱਕ ਮੰਗ ਨੂੰ ਪੂਰਾ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ।ਇਸ ਮੌਕੇ ਪੰਜਾਬ ਤੋਂ ਇੱਥੇ ਆਏ ਉੱਘੇ ਵਿਦਵਾਨ ਪ੍ਰੋ. ਸਿਕੰਦਰ ਸਿੰਘ ਜੋ ਇਸ ਸਮਾਗਮ ਦੇ ਮੁੱਖ ਮਹਿਮਾਨ ਵੀ ਸਨ ਨੇ ਪੰਜਾਬੀ ਬੋਲੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੰਜਾਬੀ ਬੋਲੀ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨਾਂ ਕਿ ਪੰਜ ਦਰਿਆਵਾਂ ਦਾ ਅਤੇ ਪੰਜ ਦਰਿਆਵਾਂ ਦੀ ਧਰਤੀ ਨੂੰ ਹੀ ਪੰਜਾਬ ਕਿਹਾ ਜਾਂਦਾ ਹੈ,ਉਹਨਾਂ ਆਖਿਆ ਕਿ ਕਈ ਵਿਦਵਾਨ ਜੋ ਸੰਸਕ੍ਰਿਤ ਨੂੰ ਕਈਆਂ ਬੋਲੀਆਂ ਦੀ ਸ਼ੁਰੂਆਤ ਮੰਨਦੇ ਹਨ ਸਰਾਸਰ ਗਲਤ ਹੈ,ਹਰ ਇੱਕ ਬੋਲੀ ਦਾ ਆਪੋ ਆਪਣਾ ਖਾਸਾ ਹੈ ਅਤੇ ਕੋਈ ਵੀ ਬੋਲੀ ਕਿਸੇ ਹੋਰ ਬੋਲੀ ਦੀ ਮਾਂ ਨਹੀ ਹੋ ਸਕਦੀ,ਉਹਨਾਂ ਆਖਿਆ ਕਿ ਕਿਸੇ ਵੀ ਬੋਲੀ ਦੇ ਪਿਛੋਕੜ ਨੂੰ ਜਾਨਣ ਦਾ ਪਹਿਲਾ ਮਾਪਦੰਡ ‘ਸਥਾਨਕਤਾ’ ਹੈ ਦੂਸਰਾ ਮਾਪਦੰਡ ‘ਪ੍ਰਚਾਰ’ ਅਤੇ ਤੀਸਰਾ ਮਾਪਦੰਡ ‘ਪਸਾਰ’ ਹੈ,ਉਹਨਾਂ ਇਸ ਲਈ ਕਈ ਵਿਦਵਾਨਾਂ ਦੇ ਹਵਾਲੇ ਦਿੱਤੇ ਅਤੇ ਕਿਹਾ ਕਿ ‘ਹੜੱਪਾ ਅਤੇ ਮਹਿੰਜ਼ੋਦੜੋ’ਦੀਆਂ ਸੱਭਿਆਤਾਵਾਂ ਵੀ ਇਸ ਦੀਆਂ ਗਵਾਹ ਹਨ। ਸਮਾਗਮ ਦੌਰਾਨ ਪ੍ਰੋ. ਸਿਕੰਦਰ ਸਿੰਘ ਵੱਲੋਂ ਪੰਜਾਬੀ ਬੋਲੀ ਦੀ ਪ੍ਰਮਾਣਕਤਾ ਬਾਰੇ ਪੁੱਛੇ ਕਈ ਸਵਾਲਾਂ ਦੇ ਬੜੀ ਸੰਜ਼ੀਦਗੀ ਨਾਲ ਜਵਾਬ ਵੀ ਦਿੱਤੇ।ਸਮਾਗਮ ਦੇ ਕਵੀ ਦਰਬਾਰ ਵਾਲੇ ਹਿੱਸੇ ਵਿੱਚ ਮੰਚ ਸੰਚਾਲਨ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਕੀਤਾ ਗਿਆ ਉਪਰੰਤ ਡਾ. ਸੁਖਦੇਵ ਸਿੰਘ ਝੰਡ, ਮਕਸੂਦ ਚੌਧਰੀ, ਅਮਰਜੀਤ ਭੁੱਲਰ,ਰਾਜ ਕੁਮਾਰ ਓਸ਼ੋਰਾਜ਼,ਭੁਪਿੰਦਰ ਦੂਲ੍ਹੇ,ਕਰਨਦੀਪ ਸਰਤਾਜ, ਪ੍ਰੋ. ਆਸ਼ਕ ਰਹੀਲ, ਮਿਰਜ਼ਾ ਨਸੀਮ, ਕ੍ਰਿਪਾਲ ਸਿੰਘ ਪੰਨੂੰ, ਗੁਰਦੇਵ ਚੌਹਾਨ, ਜੱਸੀ ਭੁੱਲਰ,ਮਲਵਿੰਦਰ,ਸਮਿੰਦਰਜੀਤ ਕੌਰ ਗਿੱਲ, ਕਰਨ ਅਜਾਇਬ ਸਿੰਘ ਸੰਘਾ, ਤਲਵਿੰਦਰ ਮੰਡ, ਪਰਮਜੀਤ ਸਿੰਘ ਢਿੱਲੋਂ, ਮਲੂਕ ਸਿੰਘ ਕਾਹਲੋਂ, ਦਰਸ਼ਨ ਸਿੰਘ ਸਿੱਧੂ, ਸੁਰਿੰਦਰਜੀਤ ਕੌਰ ਆਦਿ ਨੇ ਜਿੱਥੇ ਆਪੋ ਆਪਣੀ ਕਵਿਤਾਵਾਂ ਅਤੇ ਵਿਚਾਰਾਂ ਨਾਲ ਸਾਂਝ ਪਾਈ ਉੱਥੇ ਹੀ ਜਨਾਬ ਸਮੀ ਉਲ੍ਹਾ,ਮਿਰਜ਼ਾ ਨਸੀਮ ਅਹਿਮਦ, ਮੁਜ਼ੱਫਰ ਰਾਜਪੂਤ,ਹਰਮਨਪ੍ਰੀਤ,ਪ੍ਰੀਤ ਸਿੰਘ,ਹਰਬੰਸ ਸਿੰਘ,ਬਲਵਿੰਦਰ ਸਿੰਘ ਚੀਮਾ,ਪਤਵੰਤ ਕੌਰ ਪੰਨੂੰ ਅਤੇ ਹੋਰ ਵੀ ਬਹੁਤ ਸਾਹਿਤ ਪ੍ਰੇਮੀ ਮੌਜੂਦ ਸਨ।