ਵੈਨਕੂਵਰ, 1 ਜੁਲਾਈ (ਮਲਕੀਤ ਸਿੰਘ)- ਕੈਨੇਡਾ ਦੇ ਸਰੀ ਸ਼ਹਿਰ ਦੀ 145 ਸਟਰੀਟ ਅਤੇ 76 ਐਵੇਨਿਊ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ’ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਉਸ ਨੂੰ ਜ਼ਖਮੀ ਕੀਤੇ ਜਾਣ ਦੀ ਸੂਚਨਾ ਹੈ। ਪੀੜਤ ਦੀ ਪਛਾਣ ਹਰਜਿੰਦਰ ਸਿੰਘ ਢੰਡੋਵਾਲ ਵਜੋਂ ਹੋਈ ਹੈ, ਜੋ ਤਿੰਨ ਸਾਲ ਪਹਿਲਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਪਾਰਕਿੰਗ ਨੇੜੇ ਗੋਲੀਬਾਰੀ ਦੀ ਇੱਕ ਘਟਨਾ ਵਿਚ ਮਾਰੇ ਗਏ ਉਕਤ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਢੰਡੋਵਾਲ ਰਾਤ ਵੇਲੇ ਉਕਤ ਗੁਰੂ ਘਰ ਤੋਂ ਕਾਰ ਰਾਹੀਂ ਆਪਣੇ ਘਰ ਵੱਲ ਪਰਤ ਰਿਹਾ ਸੀ ਤੇ ਅਚਾਨਕ ਉਸ ਦੇ ਵਾਹਨ ਦਾ ਪਿੱਛਾ ਕਰ ਰਹੇ ਦੋ ਕਾਰਾਂ ’ਚ ਸਵਾਰ ਤਿਨ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਉੱਪਰ ਗੋਲੀਬਾਰੀ ਕੀਤੀ ਗਈ, ਜਿਸ ਮਗਰੋਂ ਆਪਣੇ ਬਚਾਓ ਲਈ ਰੌਲਾ ਪਾਉਣ ਅਤੇ ਮਦਦ ਲਈ ਨੇੜਲੇ ਰਾਹਗੀਰਾਂ ਦਾ ਧਿਆਨ ਖਿੱਚਣ ਲਈ ਢੰਡੋਵਾਲ ਵੱਲੋਂ ਆਪਣੀ ਕਾਰ ਦਾ ਹਾਰਨ ਵਜਾਉਣਾ ਲਗਾਤਾਰ ਜਾਰੀ ਰੱਖਿਆ ਗਿਆ, ਉਪਰੰਤ ਉਕਤ ਅਣਪਛਾਤੇ ਵਿਅਕਤੀ ਉੱਥੋਂ ਫਰਾਰ ਹੋ ਗਏ। ਫਿਲਹਾਲ ਢੰਡੋਵਾਲ ਦੀ ਬਾਂਹ ’ਤੇ ਲੱਗੀਆਂ ਗੋਲੀਆਂ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।