ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬਰਤਾਨੀਆ ਦੇ ਰਾਸ਼ਟਰੀ ਪੁਰਾਲੇਖਾਂ ’ਚੋਂ ਮਿਲੀ ਅਮਰੀਕੀ ਆਜ਼ਾਦੀ ਦੇ ਐਲਾਨ ਦੀ ਦੁਰਲੱਭ ਕਾਪੀ

Ad Position 21
No active advertisement
ਅਜੀਤ ਡੈਸਕ 04-07-2026
ਲੈਸਟਰ (ਇੰਗਲੈਂਡ), 3 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਨੈਸ਼ਨਲ ਆਰਕਾਈਵਜ਼ ਵਿੱਚ ਇੱਕ ਸਵੈਸੇਵੀ ਨੂੰ ਅਮਰੀਕਾ ਦੇ ਆਜ਼ਾਦੀ ਦੇ ਐਲਾਨ (ਡਿਕਲੇਰੇਸ਼ਨ ਆਫ਼ ਇੰਡੀਪੈਂਡੈਂਸ) ਦੀ ਬਹੁਤ ਹੀ ਦੁਰਲੱਭ ਕਾਪੀ ਮਿਲੀ ਹੈ। ਇਹ ਅਮਰੀਕਾ ਤੋਂ ਬਾਹਰ ਇਸ ਕਿਸਮ ਦੀ ਹੁਣ ਤੱਕ ਜਾਣੀ ਗਈ ਇਕੱਲੀ ਕਾਪੀ ਹੈ, ਜਿਸ ਨੂੰ ਇਤਿਹਾਸਕ ਪੱਖੋਂ ਬੇਹੱਦ ਮਹੱਤਵਪੂਰਨ ਖੋਜ ਮੰਨਿਆ ਜਾ ਰਿਹਾ ਹੈ। ਇਹ ਦਸਤਾਵੇਜ਼ ਸਵੈਸੇਵੀ ਮਾਈਕਲ ਸਕਰ ਨੂੰ ਉਸ ਵੇਲੇ ਮਿਲਿਆ ਜਦੋਂ ਉਹ ਅਮਰੀਕੀ ਆਜ਼ਾਦੀ ਦੀ ਜੰਗ ਨਾਲ ਸਬੰਧਤ ਰਾਇਲ ਨੇਵੀ ਦੇ ਕਪਤਾਨਾਂ ਦੇ ਪੁਰਾਣੇ ਰਿਕਾਰਡਾਂ ਦੀ ਸੂਚੀ ਤਿਆਰ ਕਰ ਰਹੇ ਸਨ। ਮਾਈਕਲ ਸਕਰ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਇਹ ਦਸਤਾਵੇਜ਼ ਖੋਲ੍ਹਿਆ, ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਇਹ ਕੋਈ ਆਮ ਕਾਗਜ਼ ਨਹੀਂ, ਸਗੋਂ ਇਤਿਹਾਸ ਦਾ ਅਨਮੋਲ ਖਜ਼ਾਨਾ ਹੈ। ਉਨ੍ਹਾਂ ਤੁਰੰਤ ਆਪਣੇ ਅਧਿਕਾਰੀਆਂ ਨੂੰ ਬੁਲਾ ਕੇ ਇਹ ਦਸਤਾਵੇਜ਼ ਵਿਖਾਇਆ। ਇਹ ਕਾਪੀ ਜੁਲਾਈ 1776 ਵਿੱਚ ਅਮਰੀਕਾ ਦੇ ਨਿਊ ਹੈਮਪਸ਼ਾਇਰ ਰਾਜ ਦੇ ਐਕਜ਼ੀਟਰ ਸ਼ਹਿਰ ਵਿੱਚ ਛਾਪੀਆਂ ਗਈਆਂ ਸਿਰਫ਼ 11 ਬਚੀਆਂ ਹੋਈਆਂ ਕਾਪੀਆਂ ਵਿੱਚੋਂ ਇੱਕ ਹੈ। ਉਸ ਸਮੇਂ ਇਹ ਕਾਪੀਆਂ ਅਮਰੀਕੀ ਬਸਤੀਆਂ ਵਿੱਚ ਆਜ਼ਾਦੀ ਦੀ ਖ਼ਬਰ ਤੇਜ਼ੀ ਨਾਲ ਫੈਲਾਉਣ ਲਈ ਛਾਪੀਆਂ ਗਈਆਂ ਸਨ। ਇਤਿਹਾਸਕ ਵੇਰਵਿਆਂ ਅਨੁਸਾਰ 24 ਦਸੰਬਰ 1776 ਨੂੰ ਬਰਤਾਨਵੀ ਜੰਗੀ ਜਹਾਜ਼ ਐਚਐਮਐਸ ਰੇਜ਼ੋਨੇਬਲ ਨੇ ਪੁਰਤਗਾਲ ਦੇ ਸਮੁੰਦਰੀ ਤੱਟ ਨੇੜੇ ਸੱਤ ਘੰਟਿਆਂ ਤੱਕ ਪਿੱਛਾ ਕਰਨ ਤੋਂ ਬਾਅਦ ਅਮਰੀਕੀ ਜਹਾਜ਼ ਡਾਲਟਨ ਨੂੰ ਕਬਜ਼ੇ ਵਿੱਚ ਲੈ ਲਿਆ ਸੀ। ਜਹਾਜ਼ ਵਿੱਚੋਂ ਮਿਲੇ ਹੋਰ ਸਰਕਾਰੀ ਕਾਗਜ਼ਾਂ ਦੇ ਨਾਲ ਇਹ ਆਜ਼ਾਦੀ ਦਾ ਐਲਾਨ ਵੀ ਬਰਤਾਨੀਆ ਲਿਆਂਦਾ ਗਿਆ। ਉਸ ਸਮੇਂ ਇਸ ਨੂੰ ਸਿਰਫ਼ “ਇੱਕ ਹੋਰ ਕਾਗਜ਼” ਵਜੋਂ ਦਰਜ ਕਰ ਦਿੱਤਾ ਗਿਆ ਅਤੇ ਇਹ ਸਦੀਆਂ ਤੱਕ ਪੁਰਾਲੇਖਾਂ ਵਿੱਚ ਲੁਕਿਆ ਰਿਹਾ। ਨੈਸ਼ਨਲ ਆਰਕਾਈਵਜ਼ ਦੇ ਖੋਜਕਾਰ ਡਾ. ਗ੍ਰਾਹਮ ਮੂਰ ਨੇ ਕਿਹਾ ਕਿ ਇਹ ਆਜ਼ਾਦੀ ਦੇ ਐਲਾਨ ਦੀਆਂ ਸਭ ਤੋਂ ਦੁਰਲੱਭ ਕਾਪੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਇਹ ਦਸਤਾਵੇਜ਼ ਸੰਭਾਲ ਕੇ ਰੱਖਣ ਲਈ ਨਹੀਂ, ਸਗੋਂ ਲੋਕਾਂ ਤੱਕ ਆਜ਼ਾਦੀ ਦੀ ਖ਼ਬਰ ਪਹੁੰਚਾਉਣ ਲਈ ਛਾਪਿਆ ਗਿਆ ਸੀ। ਇਸੇ ਕਰਕੇ ਅੱਜ ਇਸ ਦੀਆਂ ਬਹੁਤ ਘੱਟ ਕਾਪੀਆਂ ਹੀ ਦੁਨੀਆ ਵਿੱਚ ਮੌਜੂਦ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਇਕੱਲੀ ਜਾਣੀ-ਪਛਾਣੀ ਕਾਪੀ ਹੈ ਜੋ ਜੰਗੀ ਕਾਰਵਾਈ ਦੌਰਾਨ ਬਰਤਾਨਵੀ ਫੌਜ ਦੇ ਹੱਥ ਲੱਗੀ ਸੀ। ਦਸਤਾਵੇਜ਼ ਦੀ ਸੰਭਾਲ ਅਤੇ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਕਾਗਜ਼ ਨੂੰ ਮਜ਼ਬੂਤ ਬਣਾਉਣ ਅਤੇ ਹਲਕੇ ਨੁਕਸਾਨ ਦੀ ਮੁਰੰਮਤ ਤੋਂ ਬਾਅਦ ਹੁਣ ਇਸ ਨੂੰ “ਰੈਵੋਲੂਸ਼ਨ 250: ਅਮਰੀਕਾ ਦੀ ਆਜ਼ਾਦੀ ਦੀ ਕਹਾਣੀ (1763-1783)” ਨਾਮੀ ਪ੍ਰਦਰਸ਼ਨੀ ਵਿੱਚ ਲੋਕਾਂ ਲਈ ਰੱਖਿਆ ਜਾਵੇਗਾ। ਨੈਸ਼ਨਲ ਆਰਕਾਈਵਜ਼ ਦੇ ਮੁੱਖ ਕਾਰਜਕਾਰੀ ਸੌਲ ਨਾਸੇ ਨੇ ਇਸ ਖੋਜ ਨੂੰ “ਅਸਾਧਾਰਣ ਇਤਿਹਾਸਕ ਖੋਜ” ਦੱਸਦਿਆਂ ਕਿਹਾ ਕਿ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਦੀ ਇੰਨੀ ਦੁਰਲੱਭ ਕਾਪੀ ਦਾ ਬਰਤਾਨੀਆ ਵਿੱਚ ਮਿਲਣਾ ਇਤਿਹਾਸ ਲਈ ਬਹੁਤ ਵੱਡੀ ਘਟਨਾ ਹੈ। ਇਤਿਹਾਸਕਾਰਾਂ ਅਨੁਸਾਰ 4 ਜੁਲਾਈ 1776 ਦੀ ਰਾਤ ਫਿਲਾਡੈਲਫੀਆ ਵਿੱਚ ਇਸ ਐਲਾਨ ਦੀਆਂ ਲਗਭਗ 200 ਕਾਪੀਆਂ ਛਾਪੀਆਂ ਗਈਆਂ ਸਨ, ਪਰ ਅੱਜ ਤੱਕ ਉਨ੍ਹਾਂ ਵਿੱਚੋਂ ਸਿਰਫ਼ 26 ਕਾਪੀਆਂ ਹੀ ਸੁਰੱਖਿਅਤ ਬਚੀਆਂ ਹਨ। ਕਿਊ ਦੇ ਨੈਸ਼ਨਲ ਆਰਕਾਈਵਜ਼ ਵਿੱਚ ਮਿਲੀ ਇਹ ਨਵੀਂ ਕਾਪੀ ਹੁਣ ਇਨ੍ਹਾਂ ਅਨਮੋਲ ਇਤਿਹਾਸਕ ਦਸਤਾਵੇਜ਼ਾਂ ਵਿੱਚ ਇੱਕ ਹੋਰ ਮਹੱਤਵਪੂਰਨ ਸ਼ਾਮਲ ਹੋ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਲਾਭ ਸਿੰਘ ਸਿੱਧੂ ਦਾ ਕੈਨੇਡਾ ਵਿਚ ਸਨਮਾਨ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ ਦਾ ਇੰਗਲੈਂਡ ਪਹੁੰਚਣ ’ਤੇ ਨਿੱਘਾ ਸਵਾਗਤ
Ad Position 24
No active advertisement