ਸਾਨ ਫਰਾਂਸਿਸਕੋ, 6 ਜੁਲਾਈ (ਐਸ. ਅਸ਼ੋਕ ਭੌਰਾ)-ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਬ੍ਰੈਂਟਵੁੱਡ ਸ਼ਹਿਰ ਵਿੱਚ ਆਯੋਜਿਤ ਵਿਸ਼ਾਲ ਪਰੇਡ ਦੌਰਾਨ ਕੈਲੀਫੋਰਨੀਆਂ ਦੀ ਚਰਚਿਤ ਸਮਾਜ ਸੇਵੀ ਸੰਸਥਾ ਪੰਜਾਬ ਕਲਚਰਲ ਐਸੋਸੀਏਸ਼ਨ (ਪੀ ਸੀ ਏ)ਨੇ ਨਿਸ਼ਕਾਮ ਸੇਵਾ ਦੀ ਇੱਕ ਹੋਰ ਮਿਸਾਲ ਪੇਸ਼ ਕਰਦਿਆਂ ਪਰੇਡ ਵਿੱਚ ਸ਼ਾਮਲ ਨਾਗਰਿਕਾਂ, ਪਰਿਵਾਰਾਂ ਅਤੇ ਮਹਿਮਾਨਾਂ ਨੂੰ ਕਰੀਬ ਪੰਜ ਹਜਾਰ ਤੋਂ ਵੱਧ ਪਾਣੀ, ਜੂਸ ਅਤੇ ਸਾਫਟ ਡ੍ਰਿੰਕ ਦੀਆਂ ਬੋਤਲਾਂ ਦੀ ਮੁਫਤ ਸੇਵਾ ਦੇ ਨਾਲ ਨਾਲ ਪਰੇਡ ਦੌਰਾਨ ਬੱਚਿਆਂ ਨੂੰ 1000 ਤੋਂ ਵੱਧ ਅਮਰੀਕੀ ਝੰਡੇ ਵੀ ਵੰਡੇ।ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਇਸ ਸੇਵਾ ਦਾ ਮਕਸਦ ਲੋਕਾਂ ਨੂੰ ਗਰਮੀ ਤੋ ਨਿਜਾਤ ਦਿਵਾਉਣਾ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਪਰੇਡ ਦੌਰਾਨ ਹਜ਼ਾਰਾਂ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।ਇਸ ਸੇਵਾ ਕਾਰਜ ਨੂੰ ਸਫਲ ਬਣਾਉਣ ਲਈ 50 ਤੋਂ ਵੱਧ ਵਲੰਟੀਅਰਾਂ ਨੇ ਪੂਰੇ ਜੋਸ਼ ਅਤੇ ਸਮਰਪਣ ਨਾਲ ਆਪਣਾ ਕੀਮਤੀ ਸਮਾਂ ਦਿੱਤਾ। ਸਵੇਰ ਤੋਂ ਲੈ ਕੇ ਪਰੇਡ ਦੇ ਸਮਾਪਤ ਹੋਣ ਤੱਕ ਵਲੰਟੀਅਰਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਲੋੜਵੰਦ ਤੱਕ ਪਾਣੀ, ਜੂਸ ਅਤੇ ਸਾਫਟ ਡ੍ਰਿੰਕ ਪਹੁੰਚਾਏ। ਇਹ ਉਪਰਾਲਾ ਪੰਜਾਬੀ ਭਾਈਚਾਰੇ ਦੀ ਸੇਵਾ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਦਾ ਜੀਵੰਤ ਪ੍ਰਤੀਕ ਬਣਿਆ।ਇਸ ਮੌਕੇ ਬ੍ਰੈਂਟਵੁੱਡ ਦੀ ਮੇਅਰ ਸੁਸਾਨਾ ਮੇਰਸ,ਕੌਂਸਲਵੁਮੈਨ ਜੋਵੀਤਾ ਮੈਨਡੋਜਾ ਅਤੇ ਕੌਂਸਲਵੁਮੈਨ ਫਾਯੇ ਮੈਲੋਨੇ ਨੇ ਪੰਜਾਬ ਕਲਚਰਲ ਐਸੋਸੀਏਸ਼ਨਬ੍ਰੈਂਟਵੁੱਡ ਦੇ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਰੇ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕੀਤਾ।ਮੇਅਰ ਸੁਸਾਨਾ ਨੇ ਕਿਹਾ ਕਿ ਪੀ ਸੀ ਏ ਵੱਲੋਂ ਬ੍ਰੈਂਟਵੁੱਡ ਸ਼ਹਿਰ ਵਿੱਚ ਕੀਤੇ ਜਾ ਰਹੇ ਕਮਿਊਨਿਟੀ ਸੇਵਾ ਦੇ ਕੰਮਾਂ ’ਤੇ ਬਹੁਤ ਮਾਣ ਹੈ। ਸੰਸਥਾ ਨਾ ਸਿਰਫ਼ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੀ ਹੈ, ਸਗੋਂ ਪੂਰੇ ਸ਼ਹਿਰ ਵਿੱਚ ਸੇਵਾ, ਏਕਤਾ ਅਤੇ ਭਾਈਚਾਰੇ ਦੀ ਸ਼ਾਨਦਾਰ ਮਿਸਾਲ ਵੀ ਹੈ।ਕਲੱਬ ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੇ ‘ਅਜੀਤ’ ਨਾਲ ਗੱਲ-ਬਾਤ ਕਰਦਿਆ ਕਿਹਾ ਕਿ ਸੰਸਥਾ ਜਲਦ ਇੱਕ ਵਿਸ਼ਾਲ ਖੂਨਦਾਨ ਕੈਂਪ ਵੀ ਆਯੋਜਿਤ ਕਰੇਗੀ ਤੇ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਕਾਰਜ ਜਾਰੀ ਰੱਖੇਗੀ।