ਟੋਰਾਂਟੋ, 7 ਜੁਲਾਈ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਸਿਟੀ ਵੱਲੋਂ ਜੁਲਾਈ 10,11,12 (ਸ਼ੁੱਕਰਵਾਰ,ਸ਼ਨੀਵਾਰ ਤੇ ਐਤਵਾਰ ਨੂੰ) ਬਰੈਂਪਟਨ ਦੀਆਂ ਵੱਖ-ਵੱਖ ਥਾਵਾਂ ’ਤੇ ਮਨਾਏ ਜਾ ਰਹੇ ਤਿੰਨ ਦਿਨਾਂ ਸਲਾਨਾਂ ਬਹੁ-ਸੱਭਿਆਚਾਰਕ ਮੇਲੇ ‘ਕੈਰਾਬ੍ਰਮ 2026’ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਲਗਭਗ 20 ਥਾਵਾਂ ’ਤੇ ਲੱਗਣ ਵਾਲੇ ਇਹਨਾਂ ਕਲਚਰਲ ਪਵੇਲੀਅਨਾਂ ਵਿਚ ਲੋਕਾਂ ਨੂੰ ਕੈਨੇਡਾ, ਬੰਗਲਾਦੇਸ਼, ਕੋਰੀਆ, ਜਪਾਨ, ਇਟਲੀ, ਵੀਅਤਨਾਮ, ਯੁਕਰੇਨ, ਮੁਰੇਸ਼ੀਅਸ਼, ਮੈਕਸੀਕੋ, ਅਫ਼ਰੀਕਾ, ਹਵਾਈ, ਕੈਰੀਬੀਅਨ, ਫਿਲਪੀਨ, ਚੀਨ, ਭਾਰਤ ,ਨਿਪਾਲ, ਸ੍ਰੀਲੰਕਾ, ਪੁਰਤਗਾਲ,ਆਇਰਲੈਂਡ ਆਦਿ ਦੇਸ਼ਾਂ ਦਾ ਸੱਭਿਆਚਾਰਕ ਰੰਗ, ਰਹਿਣ ਸਹਿਣ ਅਤੇ ਖਾਣ ਪੀਣ ਵੇਖਣ ਨੂੰ ਮਿਲੇਗਾ। ਕੈਰਾਬ੍ਰਮ ਦੇ ਪੰਜਾਬ ਪਵੇਲੀਅਨ ਦੇ ਸੰਚਾਲਕ ਪ੍ਰਿਤਪਾਲ ਸਿੰਘ ਚੱਗਰ ਨੇ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੀ ਝੰਡੀ ਰਹੇਗੀ ਜਿਸ ਲਈ ਸਾਡੀ ਟੀਮ ਪੁਰਜ਼ੋਰ ਤਿਆਰੀਆਂ ਨਾਲ ਲੱਗੀ ਹੋਈ ਹੈ, ਬਰੈਂਪਟਨ ਦੇ ‘ਬਰੈਂਪਟਨ ਕਰਲਿੰਗ ਕਲੱਬ’ ਨੇੜੇ ਮੈਕਮਿਰਚੀ ਐਂਡ ਮੈਕਲਾਗਲਨ ਰੋਡ ਵਿਖੇ ਲੱਗਣ ਵਾਲੇ ਪੰਜਾਬ ਪਵੇਲੀਅਨ ਮੇਲੇ ਵਿਚ, ਗਿੱਧਾ, ਭੰਗੜਾ, ਗਾਇਕੀ ਅਤੇ ਪੰਜਾਬ ਦੇ ਹੋਰ ਰੰਗ ਵੀ ਵੇਖਣ ਨੂੰ ਮਿਲਣਗੇ। ਇਸ ਮੌਕੇ ਮੇਜਰ ਸਿੰਘ ਨਾਗਰਾ, ਤੇਜਿੰਦਰ ਸਿੰਘ ਕਾਲਰਾ, ਡਾ. ਦਰਸ਼ਨਦੀਪ ਅਰੋੜਾ, ਜੰਗੀਰ ਸਿੰਘ ਸੈਂਹਬੀ, ਅਜੇ ਸ਼ਰਮਾਂ ਅਤੇ ਹੋਰ ਵੀ ਟੀਮ ਮੈਂਬਰ ਹਾਜ਼ਰ ਸਨ।