ਲੰਡਨ, 8 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਮਈ ਦੇ ਅੱਧ ਤੋਂ ਬਾਅਦ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਆਏ ਭਾਰੀ ਉਛਾਲ ਅਤੇ ਸੱਜੇ-ਪੱਖੀ ਜਨਤਕ ਵਿਰੋਧ ਨੂੰ ਮੁੱਖ ਰੱਖਦਿਆਂ, ਬੁੱਧਵਾਰ 15 ਜੁਲਾਈ ਨੂੰ ਯੂ.ਕੇ. ਸੰਸਦ ਵਿੱਚ ਇੱਕ ‘ਸਿੱਖ ਲਾਬੀ’ ਕੀਤੀ ਜਾ ਰਹੀ ਹੈ। ਇਹ ਲਾਬੀ ਜਨਤਕ ਅਦਾਰਿਆਂ ਵਿੱਚ ਕਿਰਪਾਨ ਨੂੰ ਲੈ ਕੇ ਸੰਸਥਾਗਤ ਅਗਿਆਨਤਾ ਅਤੇ ਵਿਤਕਰੇ ਦੇ ਮੁੱਦੇ ਨੂੰ ਚੁੱਕਣ ਦਾ ਇੱਕ ਅਹਿਮ ਮੌਕਾ ਹੈ। ਇਹ ਲਾਬੀ ਪਾਰਲੀਮੈਂਟ ਦੇ ‘ਸੈਂਟਰਲ ਲਾਬੀ’ ਵਿੱਚ ਸਵੇਰੇ 11:30 ਤੋਂ ਦੁਪਹਿਰ 1:00 ਵਜੇ ਤੱਕ ਹੋਵੇਗੀ, ਜੋ ਕਿ ਪ੍ਰਧਾਨ ਮੰਤਰੀ ਵਜੋਂ ਕੀਰ ਸਟਾਰਮਰ ਦੇ ਆਖਰੀ ਸਵਾਲ-ਜਵਾਬ ਦੇ ਸੈਸ਼ਨ ਦੇ ਸਮੇਂ ਨਾਲ ਮੇਲ ਖਾਂਦੀ ਹੈ। ਸਿੱਖ ਫੈਡਰੇਸ਼ਨ ਯੂ.ਕੇ. ਨੇ ਭਾਈਚਾਰੇ ਨੂੰ ਇਸ ਵਿੱਚ ਸ਼ਾਮਲ ਹੋਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੌਕਾ ਨਾ ਖੁੰਝਾਓ। ਸੁਰੱਖਿਆ ਜਾਂਚ ਕਾਰਨ ਸਿੱਖ ਭਾਈਚਾਰੇ ਨੂੰ ਸਵੇਰੇ 11:00 ਤੋਂ ਦੁਪਹਿਰ 12:00 ਵਜੇ ਦੇ ਵਿਚਕਾਰ ਮੁੱਖ ਪਾਰਲੀਮੈਂਟ ਇਮਾਰਤ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ। ਲਾਬੀ ਤੋਂ ਬਾਅਦ, ਦੁਪਹਿਰ 1:00 ਤੋਂ 3:00 ਵਜੇ ਤੱਕ ਪਾਰਲੀਮੈਂਟ ਭਵਨ ਦੇ ਇੱਕ ਕਮੇਟੀ ਰੂਮ ਵਿੱਚ ਇੱਕ ਬ੍ਰੀਫਿੰਗ ਮੀਟਿੰਗ ਹੋਵੇਗੀ। ਇਸ ਮੀਟਿੰਗ ਦੌਰਾਨ ‘ਸਿੱਖ ਨੈੱਟਵਰਕ’ ਵੱਲੋਂ ਕਾਨੂੰਨ ਘੜ੍ਹਨ ਵਾਲਿਆਂ ਸਾਹਮਣੇ ਮਈ ਦੇ ਅੱਧ ਤੋਂ ਬਾਅਦ ਸਿੱਖ-ਵਿਰੋਧੀ ਨਫ਼ਰਤੀ ਅਪਰਾਧਾਂ ‘ਤੇ ਕੀਤੇ ਗਏ ਤਾਜ਼ਾ ਸਰਵੇਖਣ ਦੇ ਨਤੀਜੇ ਅਤੇ ਬ੍ਰਿਟਿਸ਼ ਸਿੱਖ ਪਰਿਵਾਰਾਂ ‘ਤੇ ਇਸ ਦੇ ਸਿੱਧੇ ਪ੍ਰਭਾਵਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਫੈਡਰੇਸ਼ਨ ਨੇ ਕਿਹਾ ਕਿ ਇਹ ਹਾਲੀਆ ਤਜ਼ਰਬਾ ਦਰਸਾਉਂਦਾ ਹੈ ਕਿ ਸਿੱਖ ਕਕਾਰਾਂ ਬਾਰੇ ਇੱਕ ਕਾਨੂੰਨੀ ਕੋਡ ਆਫ਼ ਪ੍ਰੈਕਟਿਸ ਦੀ ਮੰਗ ਲੰਮੇ ਸਮੇਂ ਤੋਂ ਲਟਕ ਰਹੀ ਹੈ। ਜਨਤਕ ਖੇਤਰ ਦੇ ਅਦਾਰਿਆਂ ਵਿੱਚ ਪਵਿੱਤਰ ਕਿਰਪਾਨ ਪ੍ਰਤੀ ਫੈਲੀ ਅਗਿਆਨਤਾ ਅਤੇ ਵਿਤਕਰੇ ਨੂੰ ਖ਼ਤਮ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਕਾਨੂੰਨ ਦਾ ਸਤਿਕਾਰ ਕੀਤਾ ਜਾਵੇ ਅਤੇ ਇਸਨੂੰ ਬਿਨਾਂ ਕਿਸੇ ਵਿਤਕਰੇ ਦੇ ਨਿਰਪੱਖਤਾ ਨਾਲ ਲਾਗੂ ਕੀਤਾ ਜਾਵੇ, ਸਰਕਾਰ ਲਈ ਇਹ ਕਦਮ ਚੁੱਕਣਾ ਹੁਣ ਬਹੁਤ ਜ਼ਰੂਰੀ ਹੈ। ਜਿਸ ਲਈ ਉਹਨਾਂ ਆਪੋ ਆਪਣੇ ਸੰਸਦ ਮੈਂਬਰਾਂ ਨੂੰ ਸੱਦਾ ਪੱਤਰ ਭੇਜ ਕੇ ਤਿੰਨ ਵਿਸ਼ੇਸ਼ ਮੰਗਾਂ ਚੁੱਕਣ ਦੀ ਅਪੀਲ ਕੀਤੀ ਹੈ।