ਨਿਊਯਾਰਕ, 9 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੇ ਪ੍ਰਸਿੱਧ ਰੂੜੀਵਾਦੀ ਆਗੂ ਅਤੇ ਟਰਨਿੰਗ ਪੁਆਂਇੰਟ ਆਫ਼ ਯੂਐਸਏ ਦੇ ਸਹਿ-ਸੰਸਥਾਪਕ ਚਾਰਲੀ ਕਿਰਕ ਦੀ 10 ਸਤੰਬਰ 2025 ਨੂੰ ਯੂਟਾਹ ਵੈਲੀ ਯੂਨੀਵਰਸਿਟੀ ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਅਦਾਲਤੀ ਕਾਰਵਾਈ ਅਹਿਮ ਮੋੜ ‘ਤੇ ਪਹੁੰਚ ਗਈ ਹੈ। ਮੁਲਜ਼ਮ 23 ਸਾਲਾ ਟਾਇਲਰ ਰੌਬਿਨਸਨ ਖ਼ਿਲਾਫ਼ ਚੱਲ ਰਹੀ ਮੁੱਢਲੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਡੀਐਨਏ ਸਬੂਤ, ਸਰੰਡਰ ਤੋਂ ਬਾਅਦ ਦੀ ਵੀਡੀਓ ਅਤੇ ਉਸਦੇ ਸਾਥੀ ਦੇ ਰਿਕਾਰਡ ਕੀਤੇ ਬਿਆਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਸਰਕਾਰੀ ਵਕੀਲ ਦਾ ਦਾਅਵਾ ਹੈ ਕਿ ਘਟਨਾ ਸਥਾਨ ਦੇ ਨੇੜੇ ਜੰਗਲੀ ਇਲਾਕੇ ਵਿਚ ਤੌਲੀਏ ਵਿੱਚ ਲਪੇਟੀ ਮਿਲੀ ਬੋਲਟ-ਐਕਸ਼ਨ ਰਾਈਫਲ ਅਤੇ ਤੌਲੀਏ ਤੋਂ ਮਿਲੇ ਡੀਐਨਏ ਦੇ ਨਮੂਨੇ ਮੁੱਖ ਸਬੂਤ ਹਨ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਡੀਐਨਏ ਜਾਂਚ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਹ ਸਬੂਤ ਰੌਬਿਨਸਨ ਨੂੰ ਨਿਸ਼ਚਿਤ ਤੌਰ ‘ਤੇ ਘਟਨਾ ਨਾਲ ਨਹੀਂ ਜੋੜਦੇ। ਸਰਕਾਰੀ ਵਕੀਲ ਦਾ ਜਵਾਬ ਸੀ ਕਿ ਇਨ੍ਹਾਂ ਦਲੀਲਾਂ ‘ਤੇ ਅੰਤਿਮ ਵਿਚਾਰ ਟ੍ਰਾਇਲ ਦੌਰਾਨ ਕੀਤਾ ਜਾਵੇਗਾ। ਸੁਣਵਾਈ ਦੌਰਾਨ ਅਦਾਲਤ ਵਿਚ ਉਹ ਵੀਡੀਓ ਵੀ ਚਲਾਈ ਗਈ ਜਿਸ ਵਿਚ ਰੌਬਿਨਸਨ ਚਾਰਲੀ ਕਿਰਕ ਦੀ ਹੱਤਿਆ ਤੋਂ ਦੋ ਦਿਨ ਬਾਅਦ ਵਾਸ਼ਿੰਗਟਨ ਕਾਊਂਟੀ ਸ਼ੈਰਿਫ ਦਫ਼ਤਰ ਵਿਚ ਸਰੰਡਰ ਕਰਨ ਤੋਂ ਬਾਅਦ ਨਜ਼ਰ ਆ ਰਿਹਾ ਹੈ। ਜਾਂਚ ਅਧਿਕਾਰੀਆਂ ਮੁਤਾਬਕ ਵੀਡੀਓ ਵਿਚ ਉਸਦੇ ਕੱਪੜੇ ਅਤੇ ਟੋਪੀ ਉਹੀ ਸਨ ਜੋ ਕੈਂਪਸ ਦੀ ਨਿਗਰਾਨੀ ਕੈਮਰਿਆਂ ਵਿਚ ਘਟਨਾ ਵਾਲੇ ਦਿਨ ਦਿਖਾਈ ਦਿੱਤੇ ਸਨ। ਕੇਸ ਦਾ ਇੱਕ ਹੋਰ ਅਹਿਮ ਪੱਖ ਰੌਬਿਨਸਨ ਦੇ ਸਾਥੀ ਲਾਂਸ ਟਵਿਗਜ਼ ਦੇ ਰਿਕਾਰਡ ਕੀਤੇ ਬਿਆਨ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਜ਼ਿਲ੍ਹਾ ਜੱਜ ਟੋਨੀ ਗ੍ਰਾਫ ਦੇ ਫੈਸਲੇ ‘ਤੇ ਟਿਕੀਆਂ ਹਨ।