ਨਿਊਯਾਰਕ, 9 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਫੌਜੀ ਤਣਾਅ ਨੇ ਇਕ ਵਾਰ ਫਿਰ ਵਿਸ਼ਵ ਤੇਲ ਬਾਜ਼ਾਰ ਨੂੰ ਹਿਲਾ ਦਿੱਤਾ ਹੈ। ਅਮਰੀਕੀ ਫੌਜ ਵੱਲੋਂ ਈਰਾਨ ‘ਤੇ ਨਵੇਂ ਹਮਲੇ ਕੀਤੇ ਜਾਣ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨਾਲ ਗੱਲਬਾਤ ਵਿਚ ਹੁਣ ਕੋਈ ਦਿਲਚਸਪੀ ਨਾ ਹੋਣ ਦਾ ਸੰਕੇਤ ਦੇਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ ਉਛਾਲ ਆਇਆ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਇਹ ਹਮਲੇ ਈਰਾਨ ਵੱਲੋਂ ਹੋਰਮੁਜ਼ ਜਲਡਮਰੂ ਦੇ ਆਲੇ-ਦੁਆਲੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਜਵਾਬ ਵਿਚ ਕੀਤੇ ਗਏ ਹਨ। ਇਸ ਤਣਾਅ ਦਾ ਅਸਰ ਤੁਰੰਤ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਨਜ਼ਰ ਆਇਆ ਹੈ। ਕੱਚੇ ਤੇਲ ਦੀ ਕੀਮਤ ਵੱਧ ਕੇ ਲਗਭਗ 78.82 ਡਾਲਰ ਪ੍ਰਤੀ ਬੈਰਲ ਅਤੇ ਵੈਸਟ ਟੈਕਸਾਸ ਇੰਟਰਮੀਡੀਏਟ ਦੀ ਕੀਮਤ ਕਰੀਬ 74.29 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਵੀ ਇਕ ਹੀ ਦਿਨ ਵਿਚ ਤੇਲ ਦੀਆਂ ਕੀਮਤਾਂ 4 ਫ਼ੀਸਦੀ ਤੋਂ ਵੱਧ ਚੜ੍ਹ ਚੁੱਕੀਆਂ ਸਨ।