ਬਰੇਸ਼ੀਆ(ਇਟਲੀ), 20 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਚ ਉਦੋਂ ਸੋਗ ਦੀ ਲਹਿਰ ਦੌੜ ਗਈ ਜਦ ਜਿਲਾ ਕਰੇਮੋਨਾ ਵਿੱਚ ਵਗਦੇ ਦਰਿਆ ਵਿੱਚ ਡੁੱਬਣ ਕਾਰਨ 47 ਸਾਲਾ ਭਾਰਤੀ ਅਤੇ ਉਸ ਦੇ ਚਾਰ ਸਾਲਾ ਭਤੀਜੇ ਦੀ ਮੌਤ ਹੋ ਗਈ । ਇਟਾਲੀਅਨ ਮੀਡੀਆ ਮੁਤਾਵਿਕ ਮ੍ਰਿਤਕ ਭਾਰਤੀ ਜੋ ਕਿ ਪੁਰਤਗਾਲ ਤੋਂ ਇਟਲੀ ਆਪਣੇ ਭਰਾ ਨੂੰ ਮਿਲਣ ਆਇਆ ਸੀ , ਆਪਣੇ ਭਰਾ ਅਤੇ ਉਸ ਦੇ ਪਰਿਵਾਰ ਨਾਲ ਗਰਮੀ ਤੋਂ ਰਾਹਤ ਪਾਉਣ ਲਈ ਰਿਵੋਲਤਾ ਦੀ ਅਦਾ ਸ਼ਹਿਰ ਨਜਦੀਕ ਵਗਦੇ ਦਰਿਆ ਦੇ ਕਿਨਾਰੇ ਜਾਂਦੇ ਹਨ । ਅਚਾਨਕ ਚਾਰ ਸਾਲਾ ਭਾਰਤੀ ਬੱਚਾ ਦਰਿਆ ਦੇ ਪਾਣੀ ਵਿੱਚ ਚਲਾ ਜਾਂਦਾ ਹੈ , ਜਦ ਪਰਿਵਾਰ ਨੂੰ ਲੱਗਾ ਕਿ ਬੱਚਾ ਖਤਰੇ ਵਿੱਚ ਹੈ ਤਾਂ ਉਸ ਦਾ ਪਿਤਾ ਅਤੇ ਚਾਚਾ ਦੋਵੇ ਉਸ ਨੂੰ ਬਚਾਉਣ ਲਈ ਦਰਿਆ ਵਿੱਚ ਚਲੇ ਜਾਂਦੇ ਹਨ। ਬੱਚਾ ਦਰਿਆ ਵਿੱਚ ਗੋਤੇ ਖਾਣ ਲਗਦਾ ਹੈ ਅਤੇ ਇਸ ਅਵਸਰ ਤੇ ਪਹੁੰਚੀ ਗੋਤਾਖੋਰਾਂ ਦੀ ਟੀਮ ਵਲੋਂ ਉਸ ਨੂੰ ਕੱਢ ਕੇ ਬੈਰਗਾਮੋ ਦੇ ਪਾਪਾ ਜਿਉਵਾਨੀ ਹਸਪਤਾਲ ਵਿੱਚ ਹੈਲੀਕਾਪਟਰ ਰਾਹੀਂ ਲਿਜਾਇਆ ਜਾਂਦਾ ਹੈ, ਜਿੱਥੇ ਡਾਕਟਰਾਂ ਦੀ ਮਾਹਰ ਟੀਮ ਵਲੋ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕੁੱਝ ਸਮੇੱਂ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ। ਜਦਕਿ ਉਸ ਨੂੰ ਬਚਾਉਣ ਗਿਆ ਉਸ ਦਾ ਚਾਚਾ ਪਾਣੀ ਦੇ ਤੇਜ ਬਹਾਅ ਵਿੱਚ ਰੁੜ ਜਾਂਦਾ ਹੈ , ਜਿਸ ਨੂੰ ਕਾਫੀ ਜੱਦੋ ਜਹਿਦ ਬਾਅਦ ਗੋਤਾਖੋਰਾਂ ਨੇ 300 ਮੀਟਰ ਅੱਗੇ ਜਾ ਕੇ ਲੱਭਿਆ ਪਰ ਇਸ ਸਮੇਂ ਦੌਰਾਨ ਉਸ ਦੀ ਵੀ ਮੌਤ ਹੋ ਗਈ । ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਰੀਵੋਲਤਾ ਦੀ ਅਦਾ ਇੱਕ ਖੂਬਸੂਰਤ ਸ਼ਹਿਰ ਹੈ ਅਤੇ ਗਰਮੀਆਂ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹਿਂਦਾ ਹੈ।