ਨਿਊਯਾਰਕ, 20 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਤੋਂ ਜਮਾਇਕਾ ਜਾ ਰਹੇ ਇਕ ਯਾਤਰੀ ਨੂੰ ਹਜ਼ਾਰਾਂ ਡਾਲਰ ਦੀ ਨਕਦੀ ਲੁਕਾ ਕੇ ਦੇਸ਼ ਤੋਂ ਬਾਹਰ ਲਿਜਾਣ ਦੀ ਕਥਿਤ ਕੋਸ਼ਿਸ਼ ਉਸ ਵੇਲੇ ਮਹਿੰਗੀ ਪੈ ਗਈ, ਜਦੋਂ ਫਲੋਰਿਡਾ ਦੇ ਫੋਰਟ ਲਾਡਰਡੇਲ-ਹਾਲੀਵੁੱਡ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ਉਸ ਕੋਲੋਂ 53,800 ਡਾਲਰ ਬਰਾਮਦ ਕਰ ਲਏ। ਯਾਤਰੀ ਨੇ ਜਾਂਚ ਦੌਰਾਨ ਆਪਣੇ ਕੋਲ ਨਕਦੀ ਹੋਣ ਤੋਂ ਇਨਕਾਰ ਕੀਤਾ ਸੀ। ਜਾਣਕਾਰੀ ਅਨੁਸਾਰ ਅਧਿਕਾਰੀ ਕਿੰਗਸਟਨ ਜਾਣ ਵਾਲੀ ਉਡਾਣ ਦੇ ਯਾਤਰੀਆਂ ਦੀ ਜਾਂਚ ਕਰ ਰਹੇ ਸਨ। ਜਦੋਂ ਸੰਬੰਧਿਤ ਵਿਅਕਤੀ ਨੂੰ ਨਕਦੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੁਝ ਵੀ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ। ਸ਼ੱਕ ਪੈਣ ’ਤੇ ਕੀਤੀ ਗਈ ਤਲਾਸ਼ੀ ਦੌਰਾਨ ਉਸ ਕੋਲੋਂ ਅਮਰੀਕੀ ਕਰੰਸੀ ਵਿੱਚ 53,800 ਡਾਲਰ ਮਿਲੇ, ਜਿਨ੍ਹਾਂ ਦਾ ਉਸ ਨੇ ਕੋਈ ਐਲਾਨ ਨਹੀਂ ਕੀਤਾ ਸੀ। ਵੱਡੀ ਰਕਮ ਮਿਲਣ ਤੋਂ ਬਾਅਦ ਹੋਮਲੈਂਡ ਸਕਿਉਰਿਟੀ ਦੇ ਜਾਂਚ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ। ਸੰਘੀ ਵਕੀਲਾਂ ਵੱਲੋਂ ਉਸ ਖ਼ਿਲਾਫ਼ ਮਨੀ ਲਾਂਡਰਿੰਗ ਨਾਲ ਸਬੰਧਤ ਦੋਸ਼ਾਂ ਹੇਠ ਕਾਰਵਾਈ ਸ਼ੁਰੂ ਕੀਤੀ ਗਈ ਹੈ। ਫਿਲਹਾਲ ਮੁਲਜ਼ਮ ਦੀ ਪਛਾਣ ਜਨਤਕ ਨਹੀਂ ਕੀਤੀ ਗਈ।