ਲੰਡਨ, 25 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਈ ਰੂਪ ਚੰਦ ਨੂੰ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਇਤਿਹਾਸਕ ਨਿਸ਼ਾਨੀਆਂ ਦੇ ਇੰਗਲੈਂਡ ’ਚ ਸਿੱਖ ਸੰਗਤ ਨੇ ਦਰਸ਼ਨ ਕੀਤੇ। ਇਹ ਨਿਸ਼ਾਨੀਆਂ ਭਾਈ ਰੂਪ ਚੰਦ ਦੀ 14ਵੀਂ ਪੀੜ੍ਹੀ ਵਿਚੋਂ ਭਾਈ ਜਸਕਰਨ ਸਿੰਘ ਲੈ ਕੇ ਇੰਗਲੈਂਡ ਆਏ ਹਨ। ਨਿਸ਼ਾਨੀਆਂ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪਵਿੱਤਰ ਸ਼ਸਤਰ ਤੇ ਨਿਸ਼ਾਨੀਆਂ ਹਨ, ਜੋ ਭਾਈ ਰੂਪਚੰਦ ਜੀ ਦੇ ਪਰਿਵਾਰ ਨੂੰ ਬਖਸ਼ੇ ਗਏ ਸਨ। ਜਿਹਨਾਂ ’ਚ ਸ੍ਰੀ ਸਾਹਿਬ ਪਾਤਸ਼ਾਹੀ ਛੇਵੀਂ, ਕਟਾਰ ਪਾਤਸ਼ਾਹੀ ਛੇਵੀਂ, ਪੋਥੀ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਇਲਾਵਾ ਛੇਵੀਂ ਪਾਤਸ਼ਾਹੀ ਦੀ ਸਮਕਾਲੀ ਪੇਂਟਿੰਗ (ਤਸਵੀਰ), ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਹੁਕਮਨਾਮਾ ਤੇ ਸਿੱਖ ਰਾਜ ਕਾਲ ਦੀਆਂ ਹੋਰ ਇਤਿਹਾਸਕ ਵਸਤੂਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਇਹਨਾਂ ਨਿਸ਼ਾਨੀਆਂ ਦੇ ਹੁਣ ਤੱਕ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜੈਂਡ, ਗੁਰਦੁਆਰਾ ਬਾਬਾ ਦੀਪ ਸਿੰਘ ਬ੍ਰਮਿੰਘਮ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਸਮੇਤ ਹੋਰ ਕਈ ਸ਼ਹਿਰਾ ਵਿਚ ਸੰਗਤਾਂ ਦਰਸ਼ਨ ਕਰ ਚੁੱਕੀਆਂ ਹਨ।