ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਮਿਲਣੀ ਬਾਬੂ ਰਜਬ ਅਲੀ ਨੂੰ ਸਮਰਪਿਤ ਰਹੀ
ਕੈਲਗਰੀ, 11 ਅਗਸਤ (ਜਸਜੀਤ ਸਿੰਘ ਧਾਮੀ)-ਅਰਪਨ ਲਿਖਾਰੀ ਸਭਾ ਦੀ ਇਕੱਤਰਤਾ ਕੋਸੋ ਹਾਲ ਵਿਚ ਹੋਈ । ਇਹ ਮੀਟਿੰਗ ਬਾਬੂ ਰਜਬ ਅਲੀ ਖ਼ਾਨ ਦੀ 132ਵੀਂ ਵਰ੍ਹੇਗੰਢ ਨੂੰ ਸਮਰਪਿਤ ਰਹੀ ।
ਕੈਲਗਰੀ, 11 ਅਗਸਤ (ਜਸਜੀਤ ਸਿੰਘ ਧਾਮੀ)-ਅਰਪਨ ਲਿਖਾਰੀ ਸਭਾ ਦੀ ਇਕੱਤਰਤਾ ਕੋਸੋ ਹਾਲ ਵਿਚ ਹੋਈ । ਇਹ ਮੀਟਿੰਗ ਬਾਬੂ ਰਜਬ ਅਲੀ ਖ਼ਾਨ ਦੀ 132ਵੀਂ ਵਰ੍ਹੇਗੰਢ ਨੂੰ ਸਮਰਪਿਤ ਰਹੀ । ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਰਨੈਲ ਤੱਗੜ ਅਤੇ ਬੀਬੀ ਕਿਰਨਜੋਤ ਕੌਰ ਨੇ ਕੀਤੀ । ਸਭਾ ਦੇ ਸੁਹਿਰਦ ਅਤੇ ਸਤਿਕਾਰਯੋਗ ਮੈਂਬਰ ਲਖਵਿੰਦਰ ਜੌਹਲ ਦੇ ਨੌਜਵਾਨ ਸਪੁੱਤਰ ਸੁਖਦੀਪ ਜੌਹਲ ਦੀ ਬੇ-ਵਕਤੀ ਮੌਤ ’ਤ਼ੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ਰਧਾਂਜਲੀ ਦਿੱਤੀ । ਸਕੱਤਰ ਦਰਸ਼ਨ ਸਿੰਘ ਬਰਾੜ ਨੇ ਭਾਰਤ ਦੀ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਸਿਜਦਾ ਕਰਦੇ ਹੋਏ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆ ‘ਊਧਮ ਸਿੰਘ ਨੇ ਭਾਜੀ ਮੋੜੀ ਅਤਿਆਚਾਰਾਂ ਦੀ’ ਪੇਸ਼ ਕੀਤੀ । ਸੋਹਣ ਸਿੰਘ ਭੁੱਚੋ ਨੇ ਗੀਤ ‘ਉਮਰਾਂ ਲਈ ਸਾਂਭ ਰੱਖਾਏ ਮਿਲ਼ ਜਾਣ ਜੇ ਪਲਾਂ ਦੇ ਹਾਸੇ’, ਸੁਖਮੰਦਰ ਸਿੰਘ ਗਿੱਲ ਨੇ ਗੀਤ ਸਾਜਾਂ ਨਾਲ ‘ਕਵਿਤਾ ਹਾਂ ਤੇਰੇ ਮਨ ਦੀ ਪੜ੍ਹ ਕੇ ਤਾਂ ਵੇਖ ਮੈਨੂੰ’, ਜਤਿੰਦਰ ਕੈਂਥ ਨੇ ‘ਗੀਤ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ’, ਡਾ. ਮਨਮੋਹਨ ਬਾਠ ਨੇ ਇਕ ਹਿੰਦੀ ਗੀਤ ‘ਸੁਹਾਨੀ ਰਾਤ ਢਲ ਚੁਕੀ ਨ ਜਾਨੇ ਤੁਮ ਕਬ ਆਉਗੇ’ ਪੇਸ਼ ਕੀਤਾ । ਗੁਰਚਰਨ ਸਿੰਘ ਹੇਅਰ ਨੇ ਜੁਆਨੀ ਨੂੰ ਉਪਦੇਸ਼-ਆਤਮਿਕ ਸੁਨੇਹਾ ਦਿੰਦਿਆਂ ‘ਭੁੱਲੀਂ ਨਾ ਜਵਾਨੀਏਂ ਤੂੰ ਤੋਰ ਨੀਂ, ਕਵਿਤਾ ਸੁਣਾ ਕੇ ਸਰੋਦੀ ਰੰਗ ਬੰਨਿਆ। ਸੁਰਿੰਦਰ ਗੀਤ ਨੇ ਆਪਣੀ ਕਵਿਤਾ ਪੇਸ਼ ਕੀਤੀ ‘ਆਪਣੀ ਆਪਣੀ ਮਨ ਦੀ ਮਮਟੀ ਉੱਤੇ ਦੀਵੇ ਧਰੀਏ / ਜੇ ਜੱਗ ਦੇ ਵਿਚ ਚਾਨਣ ਕਰਨਾ ਰੂਹਾਂ ਰੌਸ਼ਨ ਕਰੀਏ’।ਲਖਵਿੰਦਰ ਸਿੱਧੂ, ਨੇ ਕਵੀਤਾ ਹਿਜ਼ਰਾਂ ਦੇ ਪੰਧ ਨੇ ਲੰਮਰੇ’ ਰਾਹੀਂ ਹਾਜ਼ਰੀ ਲੁਆਈ । ਜਰਨੈਲ ਤੱਗੜ, ਸਰਵਣ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਮੁਖਿੰਦਰਪਾਲ ਸਿੰਘ ਉੱਪਲ਼ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਜਵਾਨੀ’ ਸਾਵੇ ਪੱਤਰ ’ਚੋਂ ਨਿਵੇਕਲ਼ੇ ਅੰਦਾਜ਼ ਵਿਚ ਆਪਣੀ ਦਮਦਾਰ ਅਵਾਜ਼ ਵਿਚ ਪੇਸ਼ ਕੀਤੀ । ਮੋਹਨ ਸਿੰਘ ਪਪਰਾਲਾ, ਤਾਜਬੀਰ ਸਿੰਘ ਅਤੇ ਚਰਨਦੀਪ ਕੌਰ ਨੇ ਕਵਿਤਾਵਾਂ ਦਾ ਉਚਾਰਨ ਕੀਤਾ । ਇਸ ਸਮੇਂ ਜਸਵੀਰ ਸਹੋਤਾ ਨੇ ਦੋਹੇ ਸੁਣਾਏ । ਜ਼ੀਰ ਸਿੰਘ ਬਰਾੜ ਨੇ ਬਾਬੂ ਰਜਬ ਅਲੀ ਦੇ ਪਿੰਡ ਸਾਹੋਕੇ ਬਾਰੇ ਯਾਦਾਂ ਸਾਂਝੀਆਂ ਕੀਤੀਆਂ । ਮਾਸਟਰ ਹਰਭਜਨ ਸਿੰਘ ਨੇ ਗੁਰਨਾਮ ਸਿੰਘ ਤੀਰ ਦਾ ਲਿਖਿਆ ਵਿਅੰਗ ਫੂਕ ਛਕਾਉਣ ਬਾਰੇ ਮਜ਼ਾਕੀਆ ਲੇਖ ਪੜ੍ਹਿਆ । ਜੈ ਸਿੰਘ ਉੱਪਲ ਨੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਗੱਲ ਕਰਦਿਆਂ ਆਪਣੇ ਇਨਕਲਾਬੀ ਦੇਸ਼ ਭਗਤ ਬਾਬਾ ਜੀ ਬਾਲ ਸਿੰਘ ਉੱਪਲ਼ ਦੇ ਸੰਘਰਸ਼ੀ ਜੀਵਨ ਸਮੇਂ ਮੋਰਚਿਆਂ ਅਤੇ ਗਤੀਵਿਧੀਆਂ ਬਾਰੇ ਦੱਸਦਿਆਂ ਜੈਤੋ ਅਤੇ ਗੁਰੂ ਕੇ ਬਾਗ ਦੇ ਮੋਰਚਿਆਂ ਬਾਰੇ ਦੁਰਲੱਭ ਇਤਿਹਾਸਕ ਬਾਰੇ ਜਾਣਕਾਰੀ ਸਾਂਝੀ ਕੀਤੀ । ਜਸਵੰਤ ਸਿੰਘ ਸੇਖੋਂ ਨੇ ਡੋਲੀ ਛੰਦ ਰਾਹੀਂ 15 ਅਗਸਤ 2015 ਦੇ ਪੰਜਾਬ ਵਿਚ ਆਏ ਹੜ੍ਹਾਂ ਦੀ ਦੁੱਖਦਾਈ ਦਾਸਤਾਨ ਪੇਸ਼ ਕੀਤੀ ‘ਆ ਗਈ ਮੀਂਹ ਬਣ ਕੇ ਦੁਨੀਆਂ ਦੀ ਬਰਬਾਦੀ’। ਸਰੂਪ ਸਿੰਘ ਮੰਡੇਰ ਨੇ ‘ਭਗਤ ਅਕਾਲ ਪੁਰਖ ਦੇ ਦਾਨੀ ਨੇ ਸਰਬੰਸਾਂ ਦੇ, ਪੂਰੇ ਪਰਉਪਕਾਰੀ ਧਨੀ ਤੇਗ ਤਲਵਾਰ ਦੇ’ ਕਵੀਸ਼ਰੀ ਰੰਗ ਪੇਸ਼ ਕਰਦਿਆਂ ਸੁਰੀਲੀ ਆਵਾਜ਼ ਵਿਚ ਤਰਜ਼ ਕਲੀ ਪੇਸ਼ ਕੀਤੀ । ਜਗਦੇਵ ਸਿੱਧੂ ਨੇ ਆਪਣੀ ਲਿਖੀ ਕਵਿਤਾ ਬਾਬੂ ਰਜਬ ਅਲੀ ਖ਼ਾਨ ਨੂੰ ਅਰਪਣ ਕੀਤੀ । ਸਤਨਾਮ ਸਿੰਘ ਢਾਅ ਨੇ ਭਾਰਤ ਦੀ ਅਜ਼ਾਦੀ ਨੂੰ ਬਿਆਨ ਕਰਦੀ, ਦਤਾਰਾ ਛੰਦ ਵਿਚ ਜੋਗਾ ਸਿੰਘ ਜੋਗੀ ਲਿਖੀ ਕਵੀਸ਼ਰੀ ਪੇਸ਼ ਕੀਤੀ ‘ਰਿਸ਼ੀਆਂ ਦੇ ਭਾਰਤ ਦਾ, ਹੋ ਗਿਆ ਉਲਟਾ ਕੁੱਲ ਵਰਤਾਰਾ’ ਰਾਹੀਂ ਵਰਤਮਾਨ ਸਮੇਂ ਦੀ ਤਸਵੀਰ ਪੇਸ਼ ਕੀਤੀ । ਸੱਸੀ ਪੁਨੂੰ ਦੀ ਪਿਆਰ ਦੀ ਗਾਥਾ ਪੇਸ਼ ਕਰਦੀ ਕਵਿਤਾ ‘ਡਾਚੀ ਵਾਲ਼ਿਆ ਬਲੋਚਾ ਦੱਸਾਂ ਗੱਲ ਮੈਂ ਖ਼ਰੀ, ਜੀਹਨੂੰ ਭਾਲ਼ਦਾ ਤੂੰ ਫਿਰਦਾ ਉਹ ਮੇਰੇ ਸਾਹਮਣੇ ਮਰੀ’ ਇਕ ਹੋਰ ਵਿਲੱਖਣ ਰੰਗ ਪੇਸ਼ ਕਰਕੇ ਰੰਗ ਬੰਨਿਆ । ਇਨ੍ਹਾਂ ਕਵੀਸ਼ਰਾਂ ਨੇ ਬੁਲੰਦ ਆਵਾਜ਼ ਅਤੇ ਹਿੱਕ ਦੇ ਜ਼ੋਰ ਨਾਲ਼ ਕਵੀਸ਼ਰੀ ਪੇਸ਼ ਕਰਕੇ ਬਾਬੂ ਰਜਬ ਅਲੀ ਨੂੰ ਅਕੀਦਾ ਪੇਸ਼ ਕੀਤਾ । ਅਲੋਪ ਹੋ ਰਹੀ ਕਵੀਸ਼ਰੀ-ਕਲਾ ਨੂੰ ਜਿਉਂਦਾ ਰੱਖਣ ਦੀ ਵਚਨਬੱਧਤਾ ਨੂੰ ਕਾਇਮ ਰੱਖਿਆ । ਤਰਲੋਕ ਸਿੰਘ ਚੁੱਘ ਨੇ ਰਸੋਈ ਨਾਲ਼ ਸੰਬੰਧਿਤ ਚੁਟਕਲੇ ਸੁਣਾ ਕੇ ਹਾਸਰਸ ਪੈਦਾ ਕੀਤਾ । ਇਨ੍ਹਾਂ ਤੋਂ ਇਲਾਵਾ ਬਲਕਾਰ ਸਿੰਘ ਦਿਉਲ, ਮਹਿੰਦਰ ਕੌਰ ਕਾਲੀਰਾਏ, ਸੁਖਦੇਵ ਕੌਰ ਢਾਅ, ਕਿਰਨਜੋਤ ਕੌਰ ਹੁੰਜਣ ਅਤੇ ਸਤਨਾਮ ਸ਼ੇਰਗਿੱਲ ਨੇ ਸਾਹਿਤਕ ਚਰਚਾ ਵਿਚ ਵਿਸ਼ੇਸ਼ ਯੋਗਦਾਨ ਪਾਇਆ । ਅਖ਼ੀਰ ਵਿਚ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ ਅਤੇ ਭਰਵੀਂ ਹਾਜ਼ਰੀ ਲਈ ਸਾਰਿਆਂ ਦਾ ਧੰਨਵਾਦ ਕੀਤਾ।