ਮਾਈਕਲ ਮਾਰਾ ਬਣੇ ਸਕਾਟਿਸ਼ ਲੇਬਰ ਦੇ ਨਵੇਂ ਆਗੂ , ਜੋਅ ਫੈਗਨ ਨੂੰ ਹਰਾਇਆ
ਗਲਾਸਗੋ, 19 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਉੱਤਰੀ ਪੱਛਮੀ ਸਕਾਟਲੈਂਡ ਤੋਂ ਸੰਸਦ ਮੈਂਬਰ ਮਾਈਕਲ ਮਾਰਾ ਨੂੰ ਸਕਾਟਿਸ਼ ਲੇਬਰ ਪਾਰਟੀ ਦਾ ਨਵਾਂ ਆਗੂ ਚੁਣ ਲਿਆ ਗਿਆ ਹੈ। ਉਨ੍ਹਾਂ ਨੇ ਪਾਰਟੀ ਦੀ ਆਗੂ ਚੋਣ ਵਿਚ ਆਪਣੇ ਵਿਰੋਧੀ ਅਤੇ ਦੱਖਣੀ ਸਕਾਟਲੈਂਡ ਤੋਂ ਸੰਸਦ ਮੈਂਬਰ ਜੋਅ ਫੈਗਨ ਨੂੰ 4,266 ਦੇ ਮੁਕਾਬਲੇ 2,485 ਵੋਟਾਂ ਨਾਲ ਹਰਾਇਆ।
ਗਲਾਸਗੋ, 19 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਉੱਤਰੀ ਪੱਛਮੀ ਸਕਾਟਲੈਂਡ ਤੋਂ ਸੰਸਦ ਮੈਂਬਰ ਮਾਈਕਲ ਮਾਰਾ ਨੂੰ ਸਕਾਟਿਸ਼ ਲੇਬਰ ਪਾਰਟੀ ਦਾ ਨਵਾਂ ਆਗੂ ਚੁਣ ਲਿਆ ਗਿਆ ਹੈ। ਉਨ੍ਹਾਂ ਨੇ ਪਾਰਟੀ ਦੀ ਆਗੂ ਚੋਣ ਵਿਚ ਆਪਣੇ ਵਿਰੋਧੀ ਅਤੇ ਦੱਖਣੀ ਸਕਾਟਲੈਂਡ ਤੋਂ ਸੰਸਦ ਮੈਂਬਰ ਜੋਅ ਫੈਗਨ ਨੂੰ 4,266 ਦੇ ਮੁਕਾਬਲੇ 2,485 ਵੋਟਾਂ ਨਾਲ ਹਰਾਇਆ। ਚੋਣ ਵਿਚ ਕੁੱਲ 6,751 ਵੋਟਾਂ ਪਈਆਂ ਅਤੇ ਪਾਰਟੀ ਮੈਂਬਰਾਂ ਦੀ ਵੋਟਿੰਗ ਦਰ 49.43 ਫ਼ੀਸਦੀ ਰਹੀ। ਮਾਈਕਲ ਮਾਰਾ ਹੁਣ ਅਨਸ ਸਰਵਰ ਦੀ ਥਾਂ ਪਾਰਟੀ ਦੀ ਕਮਾਨ ਸੰਭਾਲਣਗੇ। ਸਰਵਰ ਨੇ ਮਈ ਵਿੱਚ ਹੋਈਆਂ ਸਕਾਟਿਸ਼ ਸੰਸਦ ਚੋਣਾਂ ਵਿੱਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਆਗੂ ਦਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਚੋਣਾਂ ਵਿੱਚ ਸਕਾਟਿਸ਼ ਲੇਬਰ ਨੂੰ ਸਿਰਫ਼ 17 ਸੀਟਾਂ ਮਿਲੀਆਂ ਸਨ, ਜੋ ਸਕਾਟਿਸ਼ ਸੰਸਦ ਦੀ ਸਥਾਪਨਾ ਤੋਂ ਬਾਅਦ ਪਾਰਟੀ ਦਾ ਸਭ ਤੋਂ ਮਾੜਾ ਨਤੀਜਾ ਸੀ। ਮਾਰਾ ਪਾਰਟੀ ਦੇ ਵਿੱਤੀ ਮਾਮਲਿਆਂ ਦੇ ਬੁਲਾਰੇ ਰਹਿ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਸਿੱਖਿਆ ਮਾਮਲਿਆਂ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ। ਨਵਾਂ ਆਗੂ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਕਾਟਿਸ਼ ਲੇਬਰ ਦੀ ਅਗਵਾਈ ਮਿਲਣਾ ਉਨ੍ਹਾਂ ਲਈ ਵੱਡਾ ਸਨਮਾਨ ਅਤੇ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਮੁੜ ਸਕਾਟਲੈਂਡ ਦੇ ਹਰ ਹਿੱਸੇ ਨਾਲ ਜੋੜਨ, ਲੋਕਾਂ ਨਾਲ ਸੰਪਰਕ ਵਧਾਉਣ ਅਤੇ ਭਵਿੱਖ ਲਈ ਨਵਾਂ ਕਾਰਜਕ੍ਰਮ ਤਿਆਰ ਕਰਨ ਨੂੰ ਤਰਜੀਹ ਦੇਣਗੇ।