ਅੱਤਵਾਦ ਤੇ ਵਪਾਰਕ ਮਤਭੇਦਾਂ ਕਾਰਨ ਭਾਰਤ - ਅਮਰੀਕਾ ਰਿਸ਼ਤਿਆਂ ਵਿਚ ਤਣਾਅ
ਨਿਊਯਾਰਕ, 30 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਨਾਲ ਸੰਬੰਧਾਂ ਵਿਚ ਆਏ ਤਣਾਅ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ ਹੈ ਕਿ ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਭਾਰਤ ਦੀਆਂ ਗੰਭੀਰ ਚਿੰਤਾਵਾਂ ਨੂੰ ਉਸ ਦੇ ਭਾਈਵਾਲ ਵਲੋਂ ਲੋੜੀਂਦੀ ਤਵੱਜੋ ਨਾ ਮਿਲਣ ਦਾ ਅਸਰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਪੈਂਦਾ ਹੈ।
ਨਿਊਯਾਰਕ, 30 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਨਾਲ ਸੰਬੰਧਾਂ ਵਿਚ ਆਏ ਤਣਾਅ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ ਹੈ ਕਿ ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਭਾਰਤ ਦੀਆਂ ਗੰਭੀਰ ਚਿੰਤਾਵਾਂ ਨੂੰ ਉਸ ਦੇ ਭਾਈਵਾਲ ਵਲੋਂ ਲੋੜੀਂਦੀ ਤਵੱਜੋ ਨਾ ਮਿਲਣ ਦਾ ਅਸਰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਪੈਂਦਾ ਹੈ। ਉਨ੍ਹਾਂ ਵਪਾਰਕ ਗੱਲਬਾਤ ਅਤੇ ਟੈਰਿਫ ਨਾਲ ਜੁੜੀ ਅਨਿਸ਼ਚਿਤਤਾ ਨੂੰ ਵੀ ਮੌਜੂਦਾ ਸੰਬੰਧਾਂ ਲਈ ਅਹਿਮ ਮੁੱਦੇ ਦੱਸਿਆ। ਨਿਊਯਾਰਕ ਵਿਚ ਏਸ਼ੀਆ ਸੁਸਾਇਟੀ ਦੇ ਇਕ ਸਮਾਗਮ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤ ਕਈ ਦਹਾਕਿਆਂ ਤੋਂ ਇਕ ਗੁਆਂਢੀ ਦੇਸ਼ ਵਲੋਂ ਸੋਚੀ-ਸਮਝੀ ਨੀਤੀ ਤਹਿਤ ਚਲਾਏ ਜਾ ਰਹੇ ਅੱਤਵਾਦ ਦਾ ਸਾਹਮਣਾ ਕਰਦਾ ਆ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਮੌਕੇ ਸਿੱਧੇ ਤੌਰ ‘ਤੇ ਪਾਕਿਸਤਾਨ ਦਾ ਨਾਂਅ ਨਹੀਂ ਲਿਆ ਪਰ ਕਿਹਾ ਕਿ ਜੇ ਭਾਰਤ ਦੀ ਕਿਸੇ ਮੁੱਖ ਸੁਰੱਖਿਆ ਚਿੰਤਾ ਨੂੰ ਉਸ ਦਾ ਭਾਈਵਾਲ ਪੂਰੀ ਤਰ੍ਹਾਂ ਨਹੀਂ ਸਮਝਦਾ ਤਾਂ ਇਸ ਦਾ ਆਪਸੀ ਸੰਬੰਧਾਂ ‘ਤੇ ਅਸਰ ਪੈਣਾ ਸੁਭਾਵਿਕ ਹੈ।ਜੈਸ਼ੰਕਰ ਦੀ ਇਹ ਟਿੱਪਣੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਪ੍ਰਸ਼ੰਸਾ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਨਾਲ ਵਧੇ ਸੰਪਰਕ ਚਰਚਾ ਵਿਚ ਹਨ। ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ 2025 ਦੇ ਚਾਰ ਦਿਨਾਂ ਦੇ ਫ਼ੌਜੀ ਟਕਰਾਅ ਨੂੰ ਰੋਕਣ ਵਿਚ ਆਪਣੀ ਭੂਮਿਕਾ ਹੋਣ ਦਾ ਦਾਅਵਾ ਵੀ ਕਈ ਵਾਰ ਕੀਤਾ ਹੈ। ਭਾਰਤ ਇਸ ਦਾਅਵੇ ਨੂੰ ਰੱਦ ਕਰਦਿਆਂ ਕਹਿੰਦਾ ਆਇਆ ਹੈ ਕਿ ਜੰਗਬੰਦੀ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਾਲੇ ਸਿੱਧੇ ਸੰਪਰਕ ਰਾਹੀਂ ਹੋਈ ਸੀ।