ਹੈਨਰੀ ਨੋਵਾਕ ਹੱਤਿਆ ਮਾਮਲੇ ਦੀ ਸੁਤੰਤਰ ਜਾਂਚ ਦਾ ਬਰਤਾਨਵੀ ਗ੍ਰਹਿ ਮੰਤਰੀ ਵਲੋਂ ਐਲਾਨ
ਲੰਡਨ, 27 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਹੱਤਿਆ ਅਤੇ ਘਟਨਾ ਸਮੇਂ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉੱਠੇ ਗੰਭੀਰ ਸਵਾਲਾਂ ਦੇ ਮੱਦੇਨਜ਼ਰ ਸੁਤੰਤਰ ਸਮੀਖਿਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਸਮੀਖਿਆ ਦੀ ਅਗਵਾਈ ਸਾਬਕਾ ਲਾਰਡ ਚਾਂਸਲਰ ਐਲੈਕਸ ਚਾਕ ਕੇਸੀ ਕਰਨਗੇ।
ਲੰਡਨ, 27 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਹੱਤਿਆ ਅਤੇ ਘਟਨਾ ਸਮੇਂ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉੱਠੇ ਗੰਭੀਰ ਸਵਾਲਾਂ ਦੇ ਮੱਦੇਨਜ਼ਰ ਸੁਤੰਤਰ ਸਮੀਖਿਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਸਮੀਖਿਆ ਦੀ ਅਗਵਾਈ ਸਾਬਕਾ ਲਾਰਡ ਚਾਂਸਲਰ ਐਲੈਕਸ ਚਾਕ ਕੇਸੀ ਕਰਨਗੇ। ਪਹਿਲੇ ਪੜਾਅ ਦੀ ਰਿਪੋਰਟ ਮਾਰਚ 2027 ਤੱਕ ਆਉਣ ਦੀ ਉਮੀਦ ਹੈ।ਹੈਨਰੀ ਨੋਵਾਕ ਦੀ 3 ਦਸੰਬਰ, 2025 ਨੂੰ ਸਾਊਥੈਂਪਟਨ ਵਿਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ 23 ਸਾਲਾ ਵਿਕਰਮ ਸਿੰਘ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਤਹਿਤ ਉਸ ਨੂੰ ਘੱਟੋ-ਘੱਟ 21 ਸਾਲ ਜੇਲ੍ਹ ਵਿਚ ਰਹਿਣਾ ਪਵੇਗਾ। ਇਸ ਘਟਨਾ ਦੀ ਪੁਲਿਸ ਬਾਡੀ ਕੈਮਰੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰੀ ਵਿਵਾਦ ਖੜ੍ਹਾ ਹੋ ਗਿਆ ਸੀ। ਵੀਡੀਓ ਵਿਚ ਗੰਭੀਰ ਜ਼ਖ਼ਮੀ ਹੈਨਰੀ ਵਾਰ-ਵਾਰ ਦੱਸ ਰਿਹਾ ਸੀ ਕਿ ਉਸ ਨੂੰ ਚਾਕੂ ਮਾਰਿਆ ਗਿਆ ਹੈ ਪਰ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਹੱਥਕੜੀਆਂ ਲਗਾ ਦਿੱਤੀਆਂ। ਹਮਲਾਵਰ ਨੇ ਹੈਨਰੀ ਉਤੇ ਨਸਲੀ ਦੁਰਵਿਹਾਰ ਦੇ ਦੋਸ਼ ਲਗਾਏ ਸਨ, ਜੋ ਅਦਾਲਤ ਵਿਚ ਸਾਬਤ ਨਹੀਂ ਹੋਏ।ਇਸ ਘਟਨਾ ਤੋਂ ਬਾਅਦ ਪੁਲਿਸ ਵਲੋਂ ਕਥਿਤ ‘ਦੋਹਰੇ ਮਾਪਦੰਡ’ ਅਪਣਾਉਣ ਦੇ ਦੋਸ਼ ਲੱਗੇ ਸਨ। ਹੁਣ ਸੁਤੰਤਰ ਸਮੀਖਿਆ ਵਿਚ ਇਹ ਪੜਤਾਲ ਕੀਤੀ ਜਾਵੇਗੀ ਕਿ ਕੀ ਹਮਲਾਵਰ ਦੇ ਪਿਛਲੇ ਹਿੰਸਕ ਜਾਂ ਧਮਕੀ ਭਰੇ ਵਤੀਰੇ ਬਾਰੇ ਮਿਲੀਆਂ ਸ਼ਿਕਾਇਤਾਂ ਉਤੇ ਸਮੇਂ ਸਿਰ ਕਾਰਵਾਈ ਕਰਕੇ ਕਤਲ ਨੂੰ ਰੋਕਿਆ ਜਾ ਸਕਦਾ ਸੀ।ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਹੈਨਰੀ ਦੇ ਪਰਿਵਾਰ ਨੂੰ ਸੱਚਾਈ ਜਾਣਨ ਅਤੇ ਜਵਾਬਦੇਹੀ ਦਾ ਪੂਰਾ ਹੱਕ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਪਰਿਵਾਰ ਨੂੰ ਅਜਿਹੀ ਤ੍ਰਾਸਦੀ ਦਾ ਸਾਹਮਣਾ ਨਾ ਕਰਨਾ ਪਵੇ।