ਦੇਸ਼ ਨਿਕਾਲੇ ਮਗਰੋਂ ਵਾਪਸੀ ਵਿਚ ਟਾਲਮਟੋਲ , ਟਰੰਪ ਪ੍ਰਸ਼ਾਸਨ ਨੂੰ ਜੱਜ ਦੀ ਸਖ਼ਤ ਝਾੜ
ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਹਿਮਦ ਸੁਲੇਮਾਨ ਦੀ ਅਮਰੀਕਾ ਵਾਪਸੀ ਲਈ ਲੋੜੀਂਦੇ ਕਦਮ ਨਾ ਚੁੱਕਣ ਉਤੇ ਸੰਘੀ ਜੱਜ ਜੌਨ ਸੀ. ਹਿੰਡਰੈਕਰ ਨੇ ਟਰੰਪ ਪ੍ਰਸ਼ਾਸਨ ਨੂੰ ਸਖ਼ਤ ਝਾੜ ਪਾਈ ਹੈ।
ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਹਿਮਦ ਸੁਲੇਮਾਨ ਦੀ ਅਮਰੀਕਾ ਵਾਪਸੀ ਲਈ ਲੋੜੀਂਦੇ ਕਦਮ ਨਾ ਚੁੱਕਣ ਉਤੇ ਸੰਘੀ ਜੱਜ ਜੌਨ ਸੀ. ਹਿੰਡਰੈਕਰ ਨੇ ਟਰੰਪ ਪ੍ਰਸ਼ਾਸਨ ਨੂੰ ਸਖ਼ਤ ਝਾੜ ਪਾਈ ਹੈ। ਜੱਜ ਨੇ ਸਰਕਾਰੀ ਅਧਿਕਾਰੀਆਂ ਦੀਆਂ ਅਧੂਰੀਆਂ ਰਿਪੋਰਟਾਂ ਅਤੇ ਦੇਰੀ ਉਤੇ ਸਵਾਲ ਚੁੱਕਦਿਆਂ ਅਦਾਲਤੀ ਅਵੱਗਿਆ ਦੀ ਕਾਰਵਾਈ ਦੀ ਸੰਭਾਵਨਾ ਵੀ ਖੁੱਲ੍ਹੀ ਰੱਖੀ ਹੈ।ਐਰੀਜ਼ੋਨਾ ਦਾ ਰਹਿਣ ਵਾਲਾ 31 ਸਾਲਾ ਸੁਲੇਮਾਨ ਚਾਰ ਸਾਲ ਦੀ ਉਮਰ ਵਿਚ ਅਮਰੀਕਾ ਆਇਆ ਸੀ। ਉਸ ਨੂੰ ਅਫ਼ਰੀਕੀ ਦੇਸ਼ ਇਕੁਏਟੋਰੀਅਲ ਗਿਨੀ ਭੇਜਿਆ ਗਿਆ, ਜਿਥੇ ਉਹ ਪਹਿਲਾਂ ਕਦੇ ਨਹੀਂ ਗਿਆ ਸੀ।ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਥੇ ਉਸ ਨੂੰ ਬਿਨਾਂ ਦੋਸ਼ ਲਾਏ ਕੈਦ ਰੱਖਿਆ ਗਿਆ ਅਤੇ ਕੁੱਟਮਾਰ, ਧਮਕੀਆਂ ਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਸਹਿਣੀ ਪਈ।ਜੱਜ ਨੇ ਸੁਲੇਮਾਨ ਦੇ ਮਾਮਲੇ ਵਿਚ ਬਣਦੀ ਕਾਨੂੰਨੀ ਪ੍ਰਕਿਰਿਆ ਅਪਣਾਉਣ ਦੇ ਸੰਵਿਧਾਨਕ ਹੱਕ ਦੀ ਉਲੰਘਣਾ ਮੰਨਦਿਆਂ ਸਰਕਾਰ ਨੂੰ ਉਸ ਦੀ ਵਾਪਸੀ ਵਿਚ ਮਦਦ ਕਰਨ ਦਾ ਹੁਕਮ ਦਿੱਤਾ ਸੀ ਪਰ ਯਾਤਰਾ ਦਸਤਾਵੇਜ਼ ਤਿਆਰ ਕਰਨ ਅਤੇ ਵਾਪਸੀ ਦਾ ਪ੍ਰਬੰਧ ਕਰਨ ਵਿਚ ਦੇਰੀ ਹੋਈ। ਇਸ ਮਗਰੋਂ ਅਦਾਲਤ ਨੇ ਅਧਿਕਾਰੀਆਂ ਨੂੰ ਰੋਜ਼ਾਨਾ ਪ੍ਰਗਤੀ ਰਿਪੋਰਟ ਦੇਣ ਲਈ ਕਿਹਾ। ਵਿਵਾਦ ਉਦੋਂ ਹੋਰ ਵਧਿਆ ਜਦੋਂ ਸਰਕਾਰ ਵਲੋਂ ਰੱਦ ਦੱਸੀ ਗਈ ‘ਆਈਸ’ ਦੇ ਜਹਾਜ਼ ਦੀ ਯਾਤਰਾ ਹੋਈ ਅਤੇ ਜਹਾਜ਼ ਇਕੁਏਟੋਰੀਅਲ ਗਿਨੀ ਪਹੁੰਚਿਆ। ਅਧਿਕਾਰੀਆਂ ਨੇ ਬਾਅਦ ਵਿਚ ਕਿਹਾ ਕਿ ਯਾਤਰਾ ਦਾ ਮਕਸਦ ਬਦਲ ਗਿਆ ਸੀ ਅਤੇ ਸੁਲੇਮਾਨ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਜੱਜ ਨੇ ਪੁੱਛਿਆ ਕਿ ਇਹ ਦਸਤਾਵੇਜ਼ ਸਮੇਂ ਸਿਰ ਕਿਉਂ ਨਹੀਂ ਬਣਵਾਏ ਗਏ ਅਤੇ ਉਡਾਣ ਰਾਹੀਂ ਉਸ ਦੀ ਵਾਪਸੀ ਕਿਉਂ ਨਹੀਂ ਕਰਵਾਈ ਗਈ। ਜੱਜ ਨੇ ਸੁਲੇਮਾਨ ਦੀ ਸਿਹਤ ਅਤੇ ਉਸ ਨਾਲ ਸੰਪਰਕ ਬਾਰੇ ਵੀ ਸਪਸ਼ਟ ਜਾਣਕਾਰੀ ਮੰਗੀ ਹੈ। ਸਰਕਾਰ ਨੇ ਵਪਾਰਕ ਉਡਾਣ ਰਾਹੀਂ ਵਾਪਸੀ ਦੀ ਆਰਜ਼ੀ ਯੋਜਨਾ ਪੇਸ਼ ਕੀਤੀ ਹੈ ਪਰ ਕੁਝ ਪ੍ਰਬੰਧ ਅਜੇ ਬਾਕੀ ਹਨ। ਅਦਾਲਤੀ ਅਵੱਗਿਆ ਦੀ ਕਾਰਵਾਈ ਫ਼ਿਲਹਾਲ ਸ਼ੁਰੂ ਨਹੀਂ ਕੀਤੀ ਗਈ।