ਲੈਸਟਰ ’ ਚ ਦੀਵਾਲੀ ਮੌਕੇ ਸੱਭਿਆਚਾਰਕ ਸਮਾਗਮ ਦੀਆਂ ਲੱਗੀਆਂ ਰੌਣਕਾਂ
—160 ਕਲਾਕਾਰਾਂ ਨੇ ਬਿਖੇਰੇ ਕਲਾ ਦੇ ਰੰਗ —ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਿਰਕਤ, ——500 ਦੇ ਕਰੀਬ ਦਰਸ਼ਕਾਂ ਨੇ ਮਾਣਿਆ ਸਮਾਗਮ ਲੈਸਟਰ (ਇੰਗਲੈਂਡ),1 ਨਵੰਬਰ (ਸੁਖਜਿੰਦਰ ਸਿੰਘ ਢੱਡੇ)—ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਲੈਸਟਰਸ਼ਾਇਰ ਮਿਊਜ਼ਿਕ ਆਰਟ ਵਲੋਂ ਸਥਾਨਕ ਹੇਅਮਾਰਕੀਟ ਥੀਏਟਰ ਵਿਖੇ ਕਰਵਾਇਆ ਗਿਆ ਵਿਸ਼ਾਲ ਰੰਗਾਰੰਗ ਸੱਭਿਆਚਾਰਕ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਲਗਭਗ 160 ਕਲਾਕਾਰਾਂ ਨੇ ਸੰਗੀਤ, ਭੰਗੜੇ, ਨਾਚ ਅਤੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
—160 ਕਲਾਕਾਰਾਂ ਨੇ ਬਿਖੇਰੇ ਕਲਾ ਦੇ ਰੰਗ —ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਿਰਕਤ, ——500 ਦੇ ਕਰੀਬ ਦਰਸ਼ਕਾਂ ਨੇ ਮਾਣਿਆ ਸਮਾਗਮ ਲੈਸਟਰ (ਇੰਗਲੈਂਡ),1 ਨਵੰਬਰ (ਸੁਖਜਿੰਦਰ ਸਿੰਘ ਢੱਡੇ)—ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਲੈਸਟਰਸ਼ਾਇਰ ਮਿਊਜ਼ਿਕ ਆਰਟ ਵਲੋਂ ਸਥਾਨਕ ਹੇਅਮਾਰਕੀਟ ਥੀਏਟਰ ਵਿਖੇ ਕਰਵਾਇਆ ਗਿਆ ਵਿਸ਼ਾਲ ਰੰਗਾਰੰਗ ਸੱਭਿਆਚਾਰਕ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਲਗਭਗ 160 ਕਲਾਕਾਰਾਂ ਨੇ ਸੰਗੀਤ, ਭੰਗੜੇ, ਨਾਚ ਅਤੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਮਾਗਮ ਦੌਰਾਨ ਬੱਚਿਆਂ ਅਤੇ ਨੌਜਵਾਨ ਕਲਾਕਾਰਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਸਮਾਗਮ ਦਾ ਮੁੱਖ ਆਕਰਸ਼ਣ ਲੈਸਟਰ ਦੇ ਪ੍ਰਸਿੱਧ ਪੰਜਾਬੀ ਗਾਇਕ ਦਲਜੀਤ ਨੀਰ ਤੇ ਮਿਸ ਅਮਨਦੀਪ ਕੌਰ ਦੀ ਦਿਲਕਸ਼ ਪੇਸ਼ਕਾਰੀ ਰਹੀ। ਦੋਵਾਂ ਕਲਾਕਾਰਾਂ ਨੇ ਦਲਜੀਤ ਨੀਰ ਦੇ ਨਵੇਂ ਗੀਤਾਂ ਦੀਆਂ ਧੁਨਾਂ ’ਤੇ ਭੰਗੜੇ ਅਤੇ ਨਾਚ ਦੀਆਂ ਖੂਬਸੂਰਤ ਵੰਨਗੀਆਂ ਪੇਸ਼ ਕਰਕੇ ਅਜਿਹਾ ਰੰਗ ਬੰਨ੍ਹਿਆ ਕਿ ਸਮੁੱਚਾ ਥੀਏਟਰ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ। ਦਰਸ਼ਕਾਂ ਨੇ ਉਨ੍ਹਾਂ ਦੀ ਪੇਸ਼ਕਾਰੀ ਨੂੰ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਦਲਜੀਤ ਨੀਰ ਦੇ ਸਪੁੱਤਰ ਅਤੇ ਹੋਣਹਾਰ ਤਬਲਾ ਵਾਦਕ ਭਿੰਦਰਜੀਤ ਨੀਰ ਨੇ ਆਪਣੀ ਸੰਗੀਤਕ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਇਕ ਕਲਾਸੀਕਲ ਗਿਟਾਰਿਸਟ ਨਾਲ ਤਬਲੇ ਦੀ ਬੇਮਿਸਾਲ ਜੁਗਲਬੰਦੀ ਪੇਸ਼ ਕੀਤੀ। ਉਨ੍ਹਾਂ ਵੱਲੋਂ ਆਪਣੇ ਵਿਦਿਆਰਥੀ ਨਾਲ ਦਿੱਤੀ ਵਿਸ਼ੇਸ਼ ਸੰਗੀਤਕ ਪੇਸ਼ਕਾਰੀ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ। ਤਬਲੇ ਅਤੇ ਗਿਟਾਰ ਦੀਆਂ ਸੁਰੀਲੀਆਂ ਧੁਨਾਂ ਦੇ ਸੁਮੇਲ ਨੇ ਸਮਾਗਮ ਨੂੰ ਨਿਵੇਕਲੀ ਸੰਗੀਤਕ ਰੰਗਤ ਪ੍ਰਦਾਨ ਕੀਤੀ। ਇਸੇ ਤਰ੍ਹਾਂ ਮੂਵਿੰਗ ਟੂਗੈਦਰ ਕੰਪਨੀ ਦੇ ਲਗਭਗ 80 ਡਾਂਸਰਾਂ ਨੇ ਆਪਣੀਆਂ ਮਨਮੋਹਕ ਅਤੇ ਜੋਸ਼ ਭਰਪੂਰ ਨਾਚ ਪੇਸ਼ਕਾਰੀਆਂ ਰਾਹੀਂ ਦੀਵਾਲੀ ਦੇ ਜਸ਼ਨਾਂ ਨੂੰ ਚਾਰ ਚੰਨ ਲਾ ਦਿੱਤੇ। ਵੱਖ-ਵੱਖ ਉਮਰ ਵਰਗਾਂ ਦੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪੇਸ਼ ਕੀਤੀਆਂ ਸੱਭਿਆਚਾਰਕ ਵੰਨਗੀਆਂ ਨੇ ਭਾਰਤੀ ਸੱਭਿਆਚਾਰ ਦੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕੀਤੀ। ਕਰੀਬ 500 ਦਰਸ਼ਕਾਂ ਨਾਲ ਭਰੇ ਹੇਅਮਾਰਕੀਟ ਥੀਏਟਰ ਵਿੱਚ ਹਰ ਪੇਸ਼ਕਾਰੀ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਲੈਸਟਰ ਦੇ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਨੇ ਆਪਣੇ ਅਧਿਕਾਰਤ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਉਨ੍ਹਾਂ ਨੇ ਕਲਾਕਾਰਾਂ, ਖ਼ਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪੇਸ਼ ਕੀਤੀਆਂ ਸ਼ਾਨਦਾਰ ਸੱਭਿਆਚਾਰਕ ਵੰਨਗੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ, ਸਮੂਹ ਪਤਵੰਤੇ ਸੱਜਣਾਂ, ਕਲਾਕਾਰਾਂ, ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਿਦੇਸ਼ੀ ਧਰਤੀ ’ਤੇ ਕਰਵਾਏ ਜਾਂਦੇ ਅਜਿਹੇ ਸੱਭਿਆਚਾਰਕ ਸਮਾਗਮ ਜਿੱਥੇ ਨਵੀਂ ਪੀੜ੍ਹੀ ਨੂੰ ਆਪਣੀਆਂ ਅਮੀਰ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਅਹਿਮ ਉਪਰਾਲਾ ਹਨ, ਉੱਥੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਸਦਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਸੰਗੀਤ, ਭੰਗੜੇ ਅਤੇ ਸੱਭਿਆਚਾਰਕ ਰੰਗਾਂ ਨਾਲ ਸਜਿਆ ਇਹ ਦੀਵਾਲੀ ਸਮਾਗਮ ਲੈਸਟਰ ਦੀ ਧਰਤੀ ’ਤੇ ਪੰਜਾਬੀ ਅਤੇ ਭਾਰਤੀ ਸੱਭਿਆਚਾਰ ਦੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।