ਬਾਲੀ, 16 ਨਵੰਬਰ (ਪੀ.ਟੀ.ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਐਲਾਨ ਕੀਤਾ ਕਿ ਜੈ ਸ਼ਾਹ ਨੂੰ ਲਗਾਤਾਰ ਦੂਜੀ ਵਾਰ 2 ਸਾਲਾਂ ਲਈ ਆਈ.ਸੀ.ਸੀ. ਦਾ ਚੇਅਰਮੈਨ ਚੁਣਿਆ ਗਿਆ ਹੈ। ਉਨ੍ਹਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਇਸ ਅਹੁਦੇ ਲਈ ਮੁੜ ਚੁਣਿਆ ਗਿਆ ਹੈ। ਆਈ.ਸੀ.ਸੀ. ਦਾ ਕਹਿਣਾ ਹੈ ਕਿ ਇਸ ਨਾਲ ਕ੍ਰਿਕਟ ਦੇ ਅਹਿਮ ਦੌਰ ਵਿਚ ਕੰਮਕਾਜ ਦੀ ਨਿਰੰਤਰਤਾ ਬਣੀ ਰਹੇਗੀ। 38 ਸਾਲਾ ਜੈ ਸ਼ਾਹ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਸਨ। ਉਹ ਦਸੰਬਰ 2024 ਵਿਚ ਆਈ.ਸੀ.ਸੀ. ਦੇ ਚੇਅਰਮੈਨ ਬਣੇ ਸਨ। ਐਤਵਾਰ ਨੂੰ ਇੱਥੇ ਸਮਾਪਤ ਹੋਈ ਆਈ.ਸੀ.ਸੀ. ਦੀ ਬੋਰਡ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੂਜੀ ਵਾਰ ਇਸ ਅਹੁਦੇ ਲਈ ਚੁਣਿਆ ਗਿਆ। ਉਹ ਆਈ.ਸੀ.ਸੀ. ਦੇ ਇਤਿਹਾਸ ਵਿਚ ਇਸ ਅਹੁਦੇ ’ਤੇ ਪਹੁੰਚਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਹਨ। ਜੈ ਸ਼ਾਹ ਨੇ ਆਈ.ਸੀ.ਸੀ. ’ਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦੀ ਜਗ੍ਹਾ ਲਈ ਸੀ। ਇਸ ਤੋਂ ਪਹਿਲਾਂ ਉਹ 2021 ਤੋਂ 2024 ਤੱਕ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਵੀ ਰਹੇ।