ਐਡੀਲੇਡ ਵਿਚ ਬੇਕਾਬੂ ਕਾਰ ਰੋਕ ਕੇ ਬਜ਼ੁਰਗ ਦੀ ਜਾਨ ਬਚਾਉਣ ਵਾਲੇ ਸਕਾਟ ਹੌਲੈਂਡ ਦੀ ਬਹਾਦਰੀ ਦੀ ਚਰਚਾ
ਐਡੀਲੇਡ, 17 ਨਵੰਬਰ (ਗੁਰਮੀਤ ਸਿੰਘ ਵਾਲੀਆ) ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਇੱਕ ਬਜ਼ੁਰਗ ਕਾਰ ਚਾਲਕ ਦੀ ਜਾਨ ਬਚਾਉਣ ਵਾਲੇ ਸਕਾਟ ਹੌਲੈਂਡ ਦੀ ਬਹਾਦਰੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਬ੍ਰੌਡਵਿਊ ਇਲਾਕੇ ਵਿਚ ਹੈਂਪਸਟੇਡ ਰੋਡ ’ਤੇ ਇੱਕ ਬਜ਼ੁਰਗ ਵਿਅਕਤੀ ਨੂੰ ਦੌਰਾ ਪੈਣ ਕਾਰਨ ਉਸ ਦੀ ਲੈਕਸਸ ਕਾਰ ਬੇਕਾਬੂ ਹੋ ਗਈ ਸੀ।
ਐਡੀਲੇਡ, 17 ਨਵੰਬਰ (ਗੁਰਮੀਤ ਸਿੰਘ ਵਾਲੀਆ) ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਇੱਕ ਬਜ਼ੁਰਗ ਕਾਰ ਚਾਲਕ ਦੀ ਜਾਨ ਬਚਾਉਣ ਵਾਲੇ ਸਕਾਟ ਹੌਲੈਂਡ ਦੀ ਬਹਾਦਰੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਬ੍ਰੌਡਵਿਊ ਇਲਾਕੇ ਵਿਚ ਹੈਂਪਸਟੇਡ ਰੋਡ ’ਤੇ ਇੱਕ ਬਜ਼ੁਰਗ ਵਿਅਕਤੀ ਨੂੰ ਦੌਰਾ ਪੈਣ ਕਾਰਨ ਉਸ ਦੀ ਲੈਕਸਸ ਕਾਰ ਬੇਕਾਬੂ ਹੋ ਗਈ ਸੀ। ਸਕਾਟ ਹੌਲੈਂਡ ਨੇ ਕਾਰ ਨੂੰ ਬੇਕਾਬੂ ਹਾਲਤ ਵਿਚ ਦੇਖ ਕੇ ਤੁਰੰਤ ਆਪਣੀ ਯੂਟ ਗੱਡੀ ਉਸ ਦੇ ਅੱਗੇ ਲਾ ਦਿੱਤੀ ਅਤੇ ਬ੍ਰੇਕ ਲਗਾ ਕੇ ਉਸ ਨੂੰ ਰੋਕ ਲਿਆ । ਇਸ ਕਾਰਵਾਈ ਨਾਲ ਕਾਰ ਨੂੰ ਵਿਅਸਤ ਹੈਂਪਸਟੇਡ ਰੋਡ ਅਤੇ ਮੁਲਰ ਰੋਡ ਦੇ ਚੌਰਾਹੇ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਅਤੇ ਸੰਭਾਵਿਤ ਵੱਡਾ ਹਾਦਸਾ ਟਲ ਗਿਆ। ਇਸ ਦੌਰਾਨ ਉਨ੍ਹਾਂ ਦੀ ਆਪਣੀ ਗੱਡੀ ਵੀ ਨੁਕਸਾਨੀ ਗਈ । ਬਾਅਦ ਵਿਚ ਪਤਾ ਲੱਗਾ ਕਿ ਬਜ਼ੁਰਗ ਨੂੰ ਸਟ੍ਰੋਕ ਆਇਆ ਸੀ ਤੇ ਸਰੀਰ ਦਾ ਸੱਜਾ ਪਾਸਾ ਕੰਮ ਨਾ ਕਰਨ ਕਾਰਨ ਉਹ ਐਕਸਲਰੇਟਰ ਤੋਂ ਪੈਰ ਨਹੀਂ ਹਟਾ ਸਕਿਆ । ਸਕਾਟ ਨੇ ਕਾਰ ਰੁਕਣ ਮਗਰੋਂ ਅੰਦਰ ਜਾ ਕੇ ਇੰਜਣ ਵੀ ਬੰਦ ਕੀਤਾ। ਮੌਕੇ ’ਤੇ ਮੌਜੂਦ ਇੱਕ ਨਰਸ ਨੇ ਐਂਬੂਲੈਂਸ ਬੁਲਾਉਣ ਵਿਚ ਮਦਦ ਕੀਤੀ । ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਾਲਿਨੌਸਕਾਸ ਨੇ ਸਕਾਟ ਨੂੰ ਫੋਨ ਕਰਕੇ ਉਨ੍ਹਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਅਤੇ ਅਸਲ ਹੀਰੋ ਦੱਸਿਆ । ਉਨ੍ਹਾਂ ਨੂੰ ਸੁਪਰਕਾਰਜ਼ ਐਡੀਲੇਡ ਗ੍ਰੈਂਡ ਫਾਈਨਲ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਸੱਦਾ ਵੀ ਦਿੱਤਾ ਗਿਆ।