ਸਿਰਸਾ, 4 ਜਨਵਰੀ (ਭੁਪਿੰਦਰ ਪੰਨੀਵਾਲੀਆ)- ਪੁਲਿਸ ਸੁਪਰਡੈਂਟ ਦੀਪਕ ਸਹਾਰਨ ਦੇ ਨਿਰਦੇਸ਼ਾਂ ਅਨੁਸਾਰ, ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਜ਼ਿਲ੍ਹੇ ਦੇ ਥਾਣਾ ਨਾਥੂਸਰੀ ਚੌਪਟਾ ਪੁਲਿਸ ਨੇ ਗਸ਼ਤ ਦੌਰਾਨ ਨੇੜਲੇ ਪਿੰਡ ਗਿਗੋਰਾਨੀ ਖੇਤਰ ਤੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਲੱਖਾਂ ਰੁਪਏ ਦੀ ਕੀਮਤ ਵਾਲੀ 81 ਗ੍ਰਾਮ ਅਤੇ 59 ਮਿਲੀਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਨਾਥੂਸਰੀ ਚੌਪਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਰਾਧੇਸ਼ਿਆਮ ਨੇ ਦੱਸਿਆ ਕਿ ਥਾਣਾ ਨਾਥੂਸਰੀ ਚੌਪਟਾ ਦੀ ਕਾਗਦਾਨਾ ਪੁਲਿਸ ਚੌਕੀ ਦੀ ਇੱਕ ਪੁਲਿਸ ਟੀਮ ਗਸ਼ਤ ਦੌਰਾਨ ਗਿਗੋਰਾਨੀ ਨਹਿਰ ਦੇ ਪੁਲ 'ਤੇ ਮੌਜੂਦ ਸੀ | ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਇੱਕ ਨੌਜਵਾਨ ਨੂੰ ਪਿੰਡ ਸ਼ਾਹਪੁਰੀਆ ਤੋਂ ਆਉਂਦੇ ਦੇਖਿਆ ਗਿਆ | ਸਾਹਮਣੇ ਪੁਲਿਸ ਦੀ ਗੱਡੀ ਦੇਖ ਕੇ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਨੇ ਅਚਾਨਕ ਆਪਣਾ ਮੋਟਰਸਾਈਕਲ ਪਿੱਛੇ ਮੋੜ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਇੱਕ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ 'ਚ ਨਿਯਮਾਂ ਅਨੁਸਾਰ ਤਲਾਸ਼ੀ ਲਈ | ਮੁਲਜ਼ਮ ਮਨਦੀਪ ਉਰਫ ਸੁਨੀਲ ਪੁੱਤਰ ਕੁਲਦੀਪ ਵਾਸੀ ਢਾਬਾਂ ਸਿਰਸਾ ਜ਼ਿਲ੍ਹੇ ਦੇ ਕਬਜ਼ੇ ਵਿੱਚੋਂ ਲੱਖਾਂ ਰੁਪਏ ਦੀ 81 ਗ੍ਰਾਮ ਅਤੇ 59 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਨਾਥੂਸਰੀ ਚੌਪਟਾ ਥਾਣਾ ਇੰਚਾਰਜ ਨੇ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮਾਂ ਖ਼ਿਲਾਫ਼ ਨਾਥੂਸਰੀ ਚੌਪਾਟਾ ਥਾਣੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |